ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਮਈ
ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਅੱਜ ਜਥੇਬੰਦੀ ਦੇ ਪ੍ਰਧਾਨ ਸਾਲਿਗਰਾਮ ਦੀ ਅਗਵਾਈ ਹੇਠ 304 ਪਟਵਾਰ ਸਰਕਲਾਂ ਦਾ ਕੰਮ ਛੱਡ ਦਿੱਤਾ ਹੈ। ਇਸ ਬਾਰੇ ਬਕਾਇਦਾ ਲਿਖਤੀ ਤੌਰ ’ਤੇ ਤਹਿਸੀਲਦਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਸਾਲਿਗਰਾਮ ਨੇ ਦੱਸਿਆ ਕਿ ਜ਼ਿਲ੍ਹੇ ਵਿਚ 402 ਪਟਵਾਰੀਆਂ ਦੀਆਂ ਪੋਸਟਾਂ ਹਨ ਤੇ 394 ਪਟਵਾਰ ਸਰਕਲ ਹਨ। ਜ਼ਿਲ੍ਹੇ ਵਿਚ ਸਿਰਫ਼ 90 ਪਟਵਾਰੀ ਹੀ ਕੰਮ ਕਰਦੇ ਹਨ, ਬਾਕੀ ਸਰਕਲਾਂ ਦਾ ਬੋਝ ਵੀ ਇਨ੍ਹਾਂ ਪਟਵਾਰੀਆਂ ਸਿਰ ਹੀ ਪਾਇਆ ਗਿਆ ਸੀ। ਜਥੇਬੰਦੀ ਨੇ ਅੱਜ 304 ਪਟਵਾਰ ਸਰਕਲਾਂ ਦਾ ਰੈਵੇਨਿਊ ਰਿਕਾਰਡ ਕਾਨੂੰਗੋ ਰਾਹੀਂ ਤਹਿਸੀਲਦਾਰ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਾਧੂ ਸਰਕਲਾਂ ਦਾ ਕੰਮ ਛੱਡਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪਹਿਲਾਂ ਹੀ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਸੀ, ਅੱਜ ਬਕਾਇਦਾ ਪਟਵਾਰ ਸਰਕਲ ਛੱਡਣ ਦਾ ਕੰਮ ਅਮਲ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਪਟਵਾਰੀ ਸਿਰਫ਼ ਇੱਕ ਸਰਕਲ ਦਾ ਹੀ ਕੰਮ ਦੇਖਿਆ ਕਰੇਗਾ। ਜ਼ਿਕਰਯੋਗ ਹੈ ਕਿ ਏਨੀ ਵੱਡੀ ਪੱਧਰ ’ਤੇ ਪਟਵਾਰ ਸਰਕਲ ਖਾਲੀ ਹੋਣ ਨਾਲ ਮਾਲ ਵਿਭਾਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਜ਼ਿਲ੍ਹਾ ਪ੍ਰਧਾਨ ਸਾਲਿਗਰਾਮ ਨੇ ਪੰਜਾਬ ਸਰਕਾਰ ਵੱਲੋਂ 1766 ਸੇਵਾਮੁਕਤ ਪਟਵਾਰੀਆਂ ਨੂੰ ਮੁੜ ਨੌਕਰੀ ਦੇਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੰਤਰੀ ਮੰਡਲ ਵੱਲੋਂ 1766 ਪਟਵਾਰੀਆਂ ਨੂੰ ਮੁੜ ਕੰਮ ’ਤੇ ਲਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਹੈ। ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ 2967 ਪਟਵਾਰੀਆਂ ਦੇ ਅਹੁਦੇ ਖਾਲੀ ਹਨ, ਇਸੇ ਕਰ ਕੇ ਜਥੇਬੰਦੀ ਮੰਗ ਕਰਦੀ ਹੈ ਕਿ ਤਿੰਨ ਹਜ਼ਾਰ ਪਟਵਾਰੀਆਂ ਦੀ ਭਰਤੀ ਪੱਕੇ ਤੌਰ ’ਤੇ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 1766 ਪੁਰਾਣੇ ਪਟਵਾਰੀ ਮੁੜ ਕੰਮ ’ਤੇ ਲਾਉਣ ਨਾਲ ਸਰਕਾਰ ਇਕ ਤਰ੍ਹਾਂ ਨਾਲ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਪਟਵਾਰੀ ਉਮਰ ਦਰਾਜ ਹੋ ਚੁੱਕੇ ਹਨ ਤੇ ਕਈਆਂ ਦੀ ਸਿਹਤ ਠੀਕ ਨਹੀਂ ਰਹਿੰਦੀ। ਉਨ੍ਹਾਂ ਨੂੰ ਫੀਲਡ ਵਿਚ ਜਾ ਕੇ ਕੰਮ ਵਿੱਚ ਦਿਕਤ ਹੁੰਦੀ ਹੈ। ਸਾਲਿਗਰਾਮ ਨੇ ਦੱਸਿਆ ਕਿ ਨਵੇਂ ਪਟਵਾਰੀ ਭਰਤੀ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਟ੍ਰੇਨਿੰਗ ਡੇਢ ਸਾਲ ਤੱਕ ਹੁੰਦੀ ਹੈ, ਉਸ ਤੋਂ ਬਾਅਦ ਹੀ ਪਟਵਾਰੀ ਫੀਲਡ ਵਿਚ ਕੰਮ ਕਰਨ ਦੇ ਯੋਗ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ 4716 ਪਟਵਾਰ ਸਰਕਲ ਹਨ, ਇਨ੍ਹਾਂ ਵਿੱਚੋਂ 2967 ਖਾਲੀ ਹਨ।