ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਜੂਨ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ ਕਈ ਸਾਲਾਂ ਤੋ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਸਮੇਂ ਸਿਆਸੀ ਪਾਰਟੀਆਂ ਵੱਲੋਂ ਇਸ ਮੰਗ ਨੂੰ ਪੁੂਰਾ ਕਰਨ ਦੇ ਲਾਰੇ ਤਾਂ ਲਾਏ ਗਏ ਪਰ ਇਸ ਮੰਗ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਗਈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੇ ਹਰ ਉਮੀਦਵਾਰ ਤੱਕ ਜਥੇਬੰਦੀ ਦੇ ਆਗੂਆਂ ਨੇ ਪਹੁੰਚ ਕੀਤੀ ਤੇ ਹਰ ਉਮੀਦਵਾਰ ਨੇ ਸਰਕਾਰ ਬਣਨ ’ਤੇ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਪਾਰਟੀ ਦੇ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ। ਹੁਣ ਤਿੰਨ ਮਹੀਨੇ ਬੀਤਣ ਦੇ ਬਾਅਦ ਵੀ ਮੌਜੂਦਾ ਸਰਕਾਰ ਵੱਲੋਂ ਇਸ ਮੰਗ ’ਤੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਸ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਸੰਗਰੂਰ ਵਿੱਚ ਹੋ ਰਹੀ ਲੋਕ ਸਭਾ ਦੀ ਉਪ ਚੋਣ ਨੂੰ ਮੁੱਖ ਰੱਖਦਿਆ 16 ਜੂਨ ਨੂੰ ਝੰਡਾ ਮਾਰਚ ਕੀਤਾ ਜਾਵੇਗਾ। ਇਸ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਐੱਨਪੀਐੱਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਲਈ ਬਲਾਕ ਕਮੇਟੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਜਿਲ੍ਹਾਂ ਕੋ-ਕਨਵੀਨਰ ਦਿਲਬਾਗ ਸਿੰਘ ਨੇ ਕਿਹਾ ਕਿ ਜੇਕਰ ਅਜੇ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਵੱਲੋਂ ਵੀ ਡੰਗ ਟਪਾਊ ਨੀਤੀ ਅਪਣਾਈ ਗਈ ਤਾਂ ਮਜਬੂਰਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਘਰਸ਼ ਤਿੱਖਾ ਕਰਨਾ ਪਵੇਗਾ।
ਇਸ ਮੌਕੇ ਸੰਦੀਪ ਰਾਜੋਵਾਲ, ਵੇਦ ਰਾਜ, ਕਰਨੈਲ ਫਿਲੌਰ, ਅਮਰਜੀਤ ਭਗਤ, ਪਰੇਮ ਖਲਵਾੜਾ, ਰਾਜ ਕੁਮਾਰ, ਸੰਦੀਪ ਸਿੰਘ, ਮੰਗਤ ਰਾਮ ਸਮਰਾ, ਦਲਬੀਰ ਰਾਮ, ਰਾਜਿੰਦਰ ਕੁਮਾਰ, ਰਾਜਿੰਦਰ ਸਿੰਘ ਭੋਗਪੁਰ, ਸ਼ਿਵ ਰਾਜ ਕੁਮਾਰ, ਸੋਹਣ ਲਾਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।