ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜੂਨ
ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਨਗਰ ਨਿਗਮ ਦੇ ਨਿਸ਼ਾਨੇ ’ਤੇ ਆਏ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੂੰ ਉਦੋਂ ਇੱਕ ਹੋਰ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਕਾਰੋਬਾਰੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਚੱਲ ਰਹੇ ਕਾਰੋਬਾਰ ਨੂੰ ਰੋਕ ਕੇ ਉਸ ਨੂੰ ਸੀਲ ਕਰ ਦਿੱਤਾ ਗਿਆ। ਹੁਣ ਇਸ ਇਮਾਰਤ ਦੀ ਬੇਸਮੈਂਟ ਨੂੰ ਲੈ ਕੇ ਵੀ ਨਗਰ ਨਿਗਮ ਨੇ ਨੋਟਿਸ ਜਾਰੀ ਕੀਤਾ ਹੈ। ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਕਿਹਾ ਗਿਆ ਕਿ ਉਹ ਤਿੰਨਾਂ ਦਿਨਾਂ ਅੰਦਰ ਇਸ ਦਾ ਜਵਾਬ ਦੇਣ ਤੇ ਇਸ ਨੂੰ ਪਾਰਕਿੰਗ ਲਈ ਖਾਲੀ ਕਰਵਾਉਣ।
ਜਾਣਕਾਰੀ ਅਨੁਸਾਰ ਕੌਂਸਲਰ ਵੱਲੋਂ ਬਣਾਈ ਗਈ ਬੇਸਮੈਂਟ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ ਤੇ ਇਸ ਦੀ ਵਰਤੋਂ ਵਪਾਰਕ ਪੱਖ ਤੋਂ ਕੀਤੀ ਜਾ ਰਹੀ ਹੈ। ਨਿਯਮਾਂ ਅਨੁਸਾਰ ਪਾਰਕਿੰਗ ਵਾਲੀ ਥਾਂ ਨੂੰ ਕਿਰਾਏ ’ਤੇ ਕਿਸੇ ਵੀ ਹਾਲ ’ਚ ਨਹੀਂ ਦਿੱਤਾ ਜਾ ਸਕਦਾ। ਕਾਂਗਰਸੀ ਕੌਂਸਲਰ ਵੱਲੋਂ ਬਣਾਈ ਜਾ ਰਹੀ ਇਮਾਰਤ ਬਾਰੇ ਸ਼ਿਕਾਇਤ ਮਿਲਣ ’ਤੇ ਚਾਰ ਦਿਨ ਪਹਿਲਾਂ ਵੀ ਨੋਟਿਸ ਦਿੱਤਾ ਗਿਆ ਸੀ ਪਰ ਉਨ੍ਹਾਂ ਕੰਮ ਜਾਰੀ ਰੱਖਿਆ। ਨਗਰ ਨਿਗਮ ਦੀ ਕਮਿਸ਼ਨਰ ਦੀਪਸ਼ਿਖਾ ਨੇ ਇਸ ਬਾਰੇ ਸਖ਼ਤ ਸਟੈਂਡ ਲੈਂਦਿਆਂ ਉੱਥੇ ਪੁਲੀਸ ਦਾ ਸਖ਼ਤ ਪਹਿਰਾ ਲਵਾ ਦਿੱਤਾ ਤੇ ਇਮਾਰਤ ਨੂੰ ਸੀਲ ਕਰ ਦਿੱਤਾ ਹੈ।
ਕੌਂਸਲਰ ਮਨਦੀਪ ਜੱਸਲ ਨੇ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਸੈਲੂਨ ਚੱਲ ਰਿਹਾ ਹੈ ਤੇ ਰਸਤਾ ਬੰਦ ਹੋਣ ਕਾਰਨ ਕਿਰਾਏਦਾਰ ਨੂੰ ਨੁਕਸਾਨ ਹੋ ਰਿਹਾ ਸੀ ਕਿਉਂਕਿ ਉੱਪਰਲੀ ਮੰਜ਼ਿਲ ’ਤੇ ਬਿਲਡਿੰਗ ਦਾ ਹੋਰ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਕੁਝ ਨਿਯਮਾਂ ਮੁਤਾਬਕ ਕੀਤਾ ਜਾ ਰਿਹਾ ਹੈ, ਜਿੰਨਾ ਕਿ ਨਗਰ ਨਿਗਮ ਨੇ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਉੱਪਰਲੀ ਮੰਜ਼ਿਲ ਜਾਣ ਲਈ ਜਿਹੜਾ ਰਸਤਾ ਸੀਲ ਕੀਤਾ ਹੋਇਆ ਸੀ, ਉਸ ਨੂੰ ਖੋਲ੍ਹ ਦਿੱਤਾ ਗਿਆ ਹੈ।