ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਦਸੰਬਰ
ਪੰਚਾਇਤ ਸਕੱਤਰਾਂ ਦੀ ਚੱਲ ਰਹੀ ਹੜਤਾਲ ਕਾਰਨ ਮਨਰੇਗਾ ਵਰਕਰ ਕੰਮ ਠੱਪ ਹੋਣ ਕਾਰਨ ਪ੍ਰੇਸ਼ਾਨ ਹਨ। ਇਸੇ ਸਬੰਧੀ ਮਹਿਤਪੁਰ ਬਲਾਕ ਨਾਲ ਸਬੰਧਤ ਅੱਜ ਇੱਕ ਦਰਜਨ ਪਿੰਡਾਂ ਦੀਆਂ ਮਨਰੇਗਾ ਵਰਕਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਬਲਾਕ ਮਹਿਤਪੁਰ ਪਹੁੰਚ ਕੇ ਬੀਡੀਪੀਓ ਗੁਰਵਿੰਦਰ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤ ਸਕੱਤਰ ਵੱਲੋਂ ਕੀਤੀ ਗਈ ਹੜਤਾਲ ਨੂੰ ਤੁਰੰਤ ਖਤਮ ਕਰਵਾਇਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆ ਜਾਣ। ਯੂਨੀਅਨ ਦੀ ਆਗੂ ਬਖਸ਼ੋ ਖੁਰਸ਼ੈਦ ਪੁਰ ਅਤੇ ਪਿੰਕੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਬੀਡੀਪੀਓ ਬਲਾਕ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿਥੇ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ, ਉੱਥੇ ਪੰਚਾਇਤੀ ਵਿਭਾਗ ਦਾ ਕੰਮ ਠੱਪ ਹੋਣ ਕਾਰਨ ਮਨਰੇਗਾ ਵਰਕਰ ਵਿਹਲੇ ਬੈਠੈ ਹਨ। ਇਸ ਮੌਕੇ ਯੂਨੀਅਨ ਦੀ ਆਗੂ ਜਗਦੀਪ ਕੌਰ ਅਤੇ ਬਖਸ਼ੋ ਮੰਡਿਆਲਾ ਨੇ ਕਿਹਾ ਕਿ ਇੱਕ ਦਸੰਬਰ ਤੋਂ 31 ਦਸੰਬਰ ਤੱਕ ਹਾੜ੍ਹੀ ਸੀਜ਼ਨ ਸਬੰਧੀ ਹੋਣ ਵਾਲੇ ਗਰਾਮ ਸਭਾ ਦੇ ਇਜਲਾਸ ਸਿਰਫ ਖਾਨਾਪੂਰਤੀ ਬਣ ਕੇ ਰਹਿ ਗਏ ਹਨ। ਇਨ੍ਹਾਂ ਗ੍ਰਾਮ ਸਭਾਵਾਂ ਵਿੱਚ ਮਨਰੇਗਾ ਵਰਕਰਾਂ ਲਈ ਕੰਮ ਦੀ ਯੋਜਨਾ ਲਈ ਪ੍ਰਾਜੈਕਟ, ਪੇਂਡੂ ਮਜ਼ਦੂਰ ਦੇ ਰਹਿਣ ਲਈ ਪਲਾਟ, ਦਲਿਤਾਂ ਲਈ ਤੀਜੇ ਹਿੱਸੇ ਵਾਲੀ ਜ਼ਮੀਨ ਅਤੇ ਲਾਲ ਲਕੀਰ ਦੇ ਮਾਲਕੀ ਹੱਕ ਸਬੰਧੀ ਮਤੇ ਪਾਸ ਕਰਵਾਏ ਜਾਣ। ਮਨਰੇਗਾ ਵਰਕਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਲਾਕਾਂ ਵਿਚ ਮਨਰੇਗਾ ਸਟਾਫ ਦੀ ਫੌਰੀ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 21 ਦਸੰਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਮਜ਼ਦੂਰ ਜਥੇਬੰਦੀਆਂ ਮਜ਼ਦੂਰਾਂ ਨਾਲ ਸਬੰਧੀ ਮਸਲੇ ਵੀ ਚੁੱਕਣਗੀਆਂ। ਇਸ ਮੌਕੇ ਕਮਲਜੀਤ ਕੌਰ, ਬਲਵਿੰਦਰ, ਪਰਵੀਨ ਰਾਣੋ, ਰੁਪਿੰਦਰ, ਨਤਾ, ਹਰਵਿੰਦਰ ਤੇ ਕਮਲਜੀਤ ਕੌਰ ਸ਼ਿਓਵਾਲ ਹਾਜ਼ਰ ਸਨ।