ਪਾਲ ਸਿੰਘ ਨੌਲੀ
ਜਲੰਧਰ, 16 ਜਨਵਰੀ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬੀਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਇਹ ਵਿਚਾਰ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਹਲਕੇ ਵਿੱਚ ਵੱਖ-ਵੱਖ ਪਿੰਡਾਂ ਅਤੇ ਕਲੋਨੀਆਂ ਵਿੱਚ ਚੋਣ ਪ੍ਰਚਾਰ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਵਰਗਾ ਸਮਝਦਾਰ ਕੋਈ ਵੀ ਨਹੀਂ। ਉਨ੍ਹਾਂ ‘ਆਪ’ ਨੂੰ ਲੋਟੂਆਂ ਦਾ ਟੋਲਾ ਗਰਦਾਨਦਿਆਂ ਕਿਹਾ ਕਿ ਇਹ ਪਾਰਟੀ ਪੰਜਾਬ ਵਿਚੋਂ ਪੈਸਾ ਲੁੱਟਣ ਵਾਲੇ ਕੰਮ ਕਰ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ 10 ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਿੰਡ ਅਲਾਦੀਨਪੁਰ ਵਿੱਚ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਗਿਆ। ਪਰਗਟ ਸਿੰਘ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਜੰਡਿਆਲਾ, ਸਮਰਾਏ, ਮਿੱਠਾਪੁਰ, ਬੂਟਾ ਮੰਡੀ, ਖੁਰਲਾ ਕਿੰਗਰਾ, ਅਰਬਨ ਅਸਟੇਟ ਅਤੇ ਗੜ੍ਹਾ ਵਿਖੇ ਗੁਰੂ ਘਰਾਂ ਵਿੱਚ ਨਤਮਸਤਕ ਹੋਏ।
ਉਧਰ, ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਭਾਜਪਾ ਤੇ ‘ਆਪ’ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਇੱਕ ਦਲਿਤ ਦੇ ਪੁੱਤਰ ਦਾ ਮੁੱਖ ਮੰਤਰੀ ਬਣਨਾ ਜਰਿਆ ਨਹੀਂ ਜਾ ਰਿਹਾ। ਇਸੇ ਕਰਕੇ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਦੋ ਵਾਰ ਉੱਡਣ ਨਹੀਂ ਦਿੱਤਾ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਬੈਠੇ ਹਨ। ਕੋਟਲੀ ਨੇ ਪਿੰਡ ਪਤਾਰਾ, ਤੱਲ੍ਹਣ, ਕੋਟਲੀ ਥਾਨ ਸਿੰਘ, ਮੁਜੱਫਰਪੁਰ, ਬੋਲੀਨਾ, ਜੌਹਲਾਂ ਅਤੇ ਆਦਿ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਮਹਾਰਾਣਾ ਪ੍ਰਤਾਪ ਚੌਕ ’ਤੇ ਰਾਜਪੂਤ ਭਾਈਚਾਰੇ ਨੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਰੁਣ ਕੁਮਾਰ ਡੋਗਰਾ ਨੂੰ ਲੱਡੂਆਂ ਨਾਲ ਤੋਲਿਆ। ਡੋਗਰਾ ਨੇ ਸੂਬੇ ਦੇ ਵਿਕਾਸ ਲਈ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਬਾਦਲ ਨੇ ਪੰਥਕ ਸੰਸਥਾਵਾਂ ਨੂੰ ਨਿਜੀ ਤੇ ਸਿਆਸੀ ਹਿੱਤ ਲਈ ਵਰਤਿਆ: ਤਿ੍ਪਤ ਬਾਜਪਾ
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਫਤਿਹਗੜ੍ਹ ਚੂੜੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇ ਪੰਜਾਬੀਆਂ ਦੀ ਗਲਤੀ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਨੂੰ ਖਤਰਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਪੰਜਾਬ ਉੱਤੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਅਰਵਿੰਦ ਕੇਜਰੀਵਾਲ ਨੂੰ ਨਾ ਪੰਜਾਬੀ ਬੋਲਣੀ ਆਉਂਦੀ ਹੈ ਅਤੇ ਨਾ ਉਸਨੂੰ ਪੰਜਾਬੀਅਤ ਨਾਲ ਕੋਈ ਮੋਹ ਹੈ। ਉਨ੍ਹਾਂ ਪਿੰਡ ਕਾਲਾ ਅਫ਼ਗਾਨਾ, ਅਲੀਵਾਲ, ਵੀਲ੍ਹਾ, ਕੋਠੇ ਅਤੇ ਗੁਜਰਪੁਰਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕਾਂਗਰਸੀ ਆਗੂ ਨੇ ਬਾਦਲ ਪਰਿਵਾਰ ਉੱਤੇ ਪੰਥਕ ਸੰਸਥਾਵਾਂ ਨੂੰ ਨਿਜੀ ਤੇ ਸਿਆਸੀ ਹਿੱਤਾਂ ਲਈ ਵਰਤਣ ਦਾ ਦੋਸ਼ ਲਗਾਇਆ।
ਧੀ ਹਰਨੂਰ ਨੇ ਪਾਪਾ ਲਈ ਮੰਗੀਆਂ ਵੋਟਾਂ
ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਦੀ ਧੀ ਹਰਨੂਰ ਨੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਆਪਣੇ ਪਾਪਾ ਲਈ ਵੋਟਾਂ ਮੰਗੀਆਂ। ਉਸ ਦਾ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਨੇ ਭਰਪੂਰ ਸਵਾਗਤ ਕੀਤਾ। ਹਰਨੂਰ ਨੇ ਪਿੰਡ ਖੁਣ-ਖੁਣ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਪਰਗਟ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਸਾਹਮਣੇ ਰੱਖਦੇ ਹੋਏ ਪਿੰਡ ਖੁਣ-ਖੁਣ ਦੀਆਂ 35 ਬੀਬੀਆਂ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਈਆਂ।