ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜਨਵਰੀ
ਜਲੰਧਰ ਦਾ ਨੌਜਵਾਨ ਸਿਮਰਨ ਘੋਤੜਾ ਹਾਲ ਹੀ ਵਿੱਚ ਟਕਸਿਸ ਯੂਥ ਪਾਰਲੀਮੈਂਟ, ਐਲਬਰਟਾ (ਕੈਨੇਡਾ) ਦਾ ਪ੍ਰੀਮੀਅਰ ਚੁਣਿਆ ਗਿਆ ਹੈ। ਸਿਮਰਨ ਘੋਤੜਾ 2021 ਵਿੱਚ ਇਸ ਪਾਰਲੀਮੈਂਟ ਦਾ ਡਿਪਟੀ ਪ੍ਰੀਮੀਅਰ ਵੀ ਰਹਿ ਚੁੱਕਿਆ ਹੈ। ਇਸ ਦੇ ਨਾਲ ਹੀ ਇਸ ਯੂਥ ਪਾਰਲੀਮੈਂਟ ਲਈ ਸਾਰਾ ਕਲਾਰਕ ਨੂੰ ਵਿਰੋਧੀ ਧਿਰ ਦੀ ਨੇਤਾ, ਕਾਰਲਸਨ ਫਰੈਟ ਨੂੰ ਡਿਪਟੀ ਪ੍ਰੀਮੀਅਰ ਤੇ ਸ਼ਾਹਿਦ ਅਹਿਮਦ ਨੂੰ ਵਿਰੋਧੀ ਧਿਰ ਦਾ ਉੱਪ ਆਗੂ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਟਕਸਿਸ ਯੂਥ ਪਾਰਲੀਮੈਂਟ ਕੈਨੇਡਾ ਦੀ ਸਭ ਤੋਂ ਪੁਰਾਣੀ ਯੂਥ ਪਾਰਲੀਮੈਂਟ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਲੀਡਰਸ਼ਿਪ ਦੀ ਸਿਖਲਾਈ ਦੇਣਾ ਹੈ। ਹਰ ਸਾਲ ਦਸੰਬਰ ਦੇ ਆਖਰੀ ਹਫ਼ਤੇ ’ਚ ਅਸੈਂਬਲੀ ਦੇ ਮੈਂਬਰ ਇਕੱਠੇ ਹੋ ਕੇ ਵੱਖ-ਵੱਖ ਮੁੱਦਿਆਂ ਨਾਲ ਸਬੰਧਿਤ ਬਿੱਲ ਪੇਸ਼ ਕਰਦੇ ਹਨ ਤੇ ਉਨ੍ਹਾਂ ’ਤੇ ਚਰਚਾ ਕੀਤੀ ਜਾਂਦੀ ਹੈ। ਸਿਮਰਨ ਘੋਤੜਾ ਦੇ ਪਿਤਾ ਸਤਵਿੰਦਰ ਸਿੰਘ ਘੋਤੜਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਲੰਧਰ ਤੋਂ ਕੈਨੇਡਾ ਗਿਆ ਸਿਮਰਨ ਇਸ ਵੇਲੇ ਮਾਊਂਟ ਰਾਇਲ ਯੂਨੀਵਰਸਿਟੀ ’ਚ ਪੜ੍ਹਾਈ ਕਰ ਰਿਹਾ ਹੈ।