ਪਾਲ ਸਿੰਘ ਨੌਲੀ
ਜਲੰਧਰ, 11 ਅਪਰੈਲ
ਕਮਿਸ਼ਨਰੇਟ ਪੁਲੀਸ ਵੱਲੋ ਇਥੋਂ ਦੇ ਮਾਡਲ ਹਾਊਸ ‘ਚ ਆਉਂਦੇ ਮਾਤਾ ਰਾਣੀ ਚੌਕ ਵਿੱਚ ਲਾਏ ਨਾਕੇ ਦੌਰਾਨ ਕੁਝ ਨੌਜਵਾਨਾਂ ਨੇ ਥਾਣਾ ਭਾਰਗਵ ਕੈਂਪ ਦੇ ਐੱਸਐੱਚਓ ਭਗਵੰਤ ਭੁੱਲਰ ਦੀ ਕੁੱਟਮਾਰ ਕਰ ਦਿੱਤੀ। ਜ਼ਖਮੀ ਭਗਵੰਤ ਭੁੱਲਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਤ ਦੇ ਕਰਫਿਊ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਟੋਕਣਾ ਥਾਣੇਦਾਰ ਨੂੰ ਮਹਿੰਗਾ ਪਿਆ। ਇੰਸਪੈਕਟਰ ਭੁੱਲਰ ਵੱਲੋਂ ਨੌਜਵਾਨਾਂ ਨੂੰ ਕਰਫਿਊ ਦੌਰਾਨ ਤੜਕੇ ਦੋ ਵਜੇ ਘਰੋਂ ਬਾਹਰ ਘੁੰਮਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਘਰ ਮੁੜਨ ਲਈ ਕਿਹਾ ਤਾਂ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸੇ ਦੌਰਾਨ ਹੋਈ ਕੁੱਟਮਾਰ ਵਿੱਚ ਥਾਣੇਦਾਰ ਦੀ ਵਰਦੀ ਵੀ ਪਾਟ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਾਤਾ ਚੌਕ ਵਿੱਚ ਚੈਕਿੰਗ ਦੌਰਾਨ ਤੜਕੇ ਦੋ ਵਜੇ ਦੇ ਕਰੀਬ ਚਾਰ-ਪੰਜ ਨੌਜਵਾਨ ਦੋ ਕਾਰਾਂ ’ਚ ਸਵਾਰ ਹੋਕੇ ਉੱਥੇ ਪਹੁੰਚੇ, ਜਦੋਂ ਨੌਜਵਾਨਾਂ ਨੂੰ ਰੋਕ ਕੇ ਥਾਣੇਦਾਰ ਨੇ ਕਰਫਿਊ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਪੀੜਤ ਥਾਣੇਦਾਰ ਨੂੰ ਨਾਲ ਦੇ ਪੁਲੀਸ ਮੁਲਾਜ਼ਮਾਂ ਨੇ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੁਲੀਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।