ਪਾਲ ਸਿੰਘ ਨੌਲੀ
ਜਲੰਧਰ, 29 ਜੂਨ
ਜ਼ਿਲ੍ਹੇ ਦੀ ਮਕਸੂਦ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਦੁਕਾਨ ਦੀ ਬੇਸਮੈਂਟ ਵਿੱਚ ਗੈਸ ਸਿਲੰਡਰ ਫੱਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀਆਂ ਉਪਰਲੀਆਂ ਮੰਜ਼ਿਲਾਂ ਦੇ ਸ਼ੀਸ਼ੇ, ਟਾਈਲਾਂ ਅਤੇ ਪੱਖੇ ਵੀ ਟੁੱਟ ਗਏ। ਇਸ ਹਾਦਸੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਗੁਲਸ਼ਨ ਵਜੋਂ ਹੋਈ ਹੈ। ਇਹ ਧਮਾਕਾ ਮਾਰਕੀਟ ਕਮੇਟੀ ਦੇ ਦਫ਼ਤਰ ਨੇੜੇ ਦੁਕਾਨ ਨੰਬਰ 5 ਵਿੱਚ ਹੋਇਆ। ਲੋਕਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਬਾਜ਼ਾਰ ‘ਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀ ਭੀੜ ਨਹੀਂ ਸੀ। ਲੋਕਾਂ ਨੇ ਦੱਸਿਆ ਕਿ ਜਿੱਥੇ ਧਮਾਕਾ ਹੋਇਆ ਉੱਥੇ ਸਬਜ਼ੀ ਮੰਡੀ ਵਿੱਚ ਦੁਕਾਨ ਦੀ ਬੇਸਮੈਂਟ ਵਿੱਚ ਤਿੰਨ ਐੱਲਪੀਜੀ ਸਿਲੰਡਰ ਸਨ। ਗੁਲਸ਼ਨ ਸਵੇਰੇ ਤੜਕੇ ਬੇਸਮੈਂਟ ਗਿਆ ਅਤੇ ਜਿਵੇਂ ਹੀ ਉਸ ਨੇ ਬੀੜੀ ਪੀਣ ਲਈ ਮਾਚਿਸ ਦੀ ਤੀਲੀ ਬਾਲੀ ਤਾਂ ਧਮਾਕਾ ਹੋ ਗਿਆ। ਸਿਲੰਡਰ ‘ਚੋਂ ਗੈਸ ਲੀਕ ਹੋ ਰਹੀ ਸੀ, ਜਿਸ ਕਾਰਨ ਫੱਟ ਗਿਆ।