ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਜਾਂਚ ਸ਼ੁਰੂ

ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਜਾਂਚ ਸ਼ੁਰੂ

ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਜਾਂਚ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਗਸਤ

ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਜ਼ਿਲ੍ਹਿਆਂ ਵਿਚ  ਹੋਈਆਂ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪਹਿਲੇ ਦਿਨ ਕਮਿਸ਼ਨਰ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸ਼ੱਕੀ ਵਿਅਕਤੀ ਭਾਵੇਂ ਉਹ ਕਿਸੇ ਵੀ ਪਾਰਟੀ, ਅਹੁਦੇ ਜਾਂ ਵਿਭਾਗ ਨਾਲ ਸਬੰਧਤ ਹੋਵੇ, ਜਾਂਚ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਾਂਚ ਲਈ ਮਿਲੇ 21 ਦਿਨਾਂ ਦੇ ਸਮੇਂ ਦੌਰਾਨ ਉਹ ਸੱਚ ਸਾਹਮਣੇ ਲਿਆਉਣ ਦਾ ਯਤਨ ਕਰਨਗੇ। ਮੁੱਖ ਤੌਰ ’ਤੇ ਪੁਲੀਸ ਤੇ ਆਬਕਾਰੀ ਵਿਭਾਗ ਜਾਂਚ ਦਾ ਹਿੱਸਾ ਹੋਣਗੇ।

 ਸ੍ਰੀ ਚੌਧਰੀ ਨੇ ਆਬਕਾਰੀ ਵਿਭਾਗ ਦੇ ਜਾਇੰਟ ਕਮਿਸ਼ਨਰ ਕੋਲੋਂ ਪੰਜਾਬ ਵਿਚ ਚੱਲਦੀਆਂ ਡਿਸਟਿਲਰੀਆਂ, ਉਨ੍ਹਾਂ ਤੋਂ ਤਿਆਰ ਹੁੰਦੇ ਉਤਪਾਦ, ਮਾਲਕਾਂ, ਪਿਛਲੇ 2 ਸਾਲ ਵਿਚ ਉਨ੍ਹਾਂ ਵੱਲੋਂ ਤਿਆਰ ਕੀਤੇ ਸਾਮਾਨ ਦੀ ਮਾਤਰਾ ਤੇ ਕਿੱਥੇ-ਕਿੱਥੇ ਵੇਚਿਆ, ਡਿਸਟਲਰੀਆਂ ਵਿਚ ਡਿਊਟੀ ’ਤੇ ਰਹੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ, ਜਿਨ੍ਹਾਂ ਪਿੰਡਾਂ ਵਿਚ ਮੌਤਾਂ ਹੋਈਆਂ, ਉਸ ਇਲਾਕੇ ਵਿਚ ਤਾਇਨਾਤ ਐਕਸਾਈਜ਼ ਇੰਸਪੈਕਟਰਾਂ ਦੀ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਡਿਸਟਿਲਰੀ ਤੋਂ ਬਣਦੀ ਇੰਡਸਟਰੀਅਲ ਸਪਿਰਟ ਨੂੰ ਅੱਗੇ ਢੋਣ ਵੇਲੇ ਵਰਤੀ ਜਾਂਦੀ ਵਿਧੀ, ਸ਼ਰਾਬ ਬਣਾਉਣ ਵਾਲੇ ਬੋਟਲਿੰਗ ਪਲਾਂਟ ਦੀ ਵਿਸਥਾਰ ਸਹਿਤ ਰਿਪੋਰਟ ਮੰਗੀ ਹੈ। 

 ਉਨ੍ਹਾਂ ਨੇ ਹਾਜ਼ਰ ਤਿੰਨਾਂ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਕੋਲੋਂ ਹੁਣ ਤਕ ਕੀਤੀ ਗਈ ਜਾਂਚ, ਬਰਾਮਦ ਹੋਏ ਸਾਮਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ, ਐੱਫਆਈਆਰ ਦੀਆਂ ਕਾਪੀਆਂ ਅਤੇ ਜਾਂਚ ਲਈ ਵਰਤੀ ਗਈ ਵਿਧੀ ਤੇ ਪੀੜਤ ਪਰਿਵਾਰਾਂ ਅਤੇ ਪਿੰਡਾਂ ਦੇ ਲੋਕਾਂ ਦੇ ਬਿਆਨਾਂ ਬਾਰੇ ਜਾਣਕਾਰੀ ਮੰਗੀ। 

ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੀ ਹਰੇਕ ਧਿਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸ ਜਾਂਚ ਦੌਰਾਨ ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲਣਗੇ ਅਤੇ ਪਿੰਡਾਂ ਵਾਲਿਆਂ ਦੀ ਗੱਲ ਵੀ ਸੁਣਨਗੇ, ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਂਡ ਵਿਚ ਜਿਹੜੇ ਲੋਕ ਮਾਰੇ ਗਏ, ਪਰ ਉਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ, ਇਸ ਨੂੰ ਵੀ ਜਾਂਚ ਦਾ ਵਿਸ਼ਾ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ        ਕਿ ਉਹ ਜਾਂਚ ਵਿਚ ਸਹਿਯੋਗ ਦੇਣ    ਤਾਂ ਜੋ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਈ ਜਾ ਸਕੇ। 

ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐੱਸਪੀ ਹੈੱਡਕੁਆਰਟਰ ਤਰਨਤਾਰਨ ਗੌਰਵ ਤੂਰਾ, ਐੱਸਪੀ ਬਟਾਲਾ ਤੇਜਬੀਰ ਸਿੰਘ ਹੁੰਦਲ, ਐੱਸਪੀ ਜਾਂਚ ਤਰਨਤਾਰਨ ਜਗਜੀਤ ਸਿੰਘ ਵਾਲੀਆ, ਐੱਸਡੀਐੱਮ ਤਰਨਤਾਰਨ ਰਜਨੀਸ਼ ਅਰੋੜਾ, ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ, ਐੱਸਡੀਐੱਮ ਬਾਬਾ ਬਕਾਲਾ ਸਾਹਿਬ ਸੁਮਿਤ ਮੁੱਧ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਐੱਚਐੱਸ ਬਾਜਵਾ ਤੇ ਰਾਜਵਿੰਦਰ ਕੌਰ ਬਾਜਵਾ ਹਾਜ਼ਰ ਸਨ। 

‘ਕੈਪਟਨ ਅਤੇ ਸੱਤ ਕਾਂਗਰਸੀ ਵਿਧਾਇਕਾਂ ’ਤੇ 302 ਦਾ ਕੇਸ ਦਰਜ ਹੋਵੇ’

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕ‌ਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਮਾਫ਼ੀਆ ਰਾਜ ਦਾ ਸਰਗਨਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਸਬੰਧੀ ਲੋਕਾਂ ਵੱਲੋਂ ਕੀਤੇ ਖ਼ੁਲਾਸਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੇ 7 ਵਿਧਾਇਕ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ, ਇਸ ਕਰਕੇ ਮਾਫ਼ੀਆ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਸੱਤ ਵਿਧਾਇਕਾਂ ’ਤੇ 302 ਧਾਰਾ ਅਧੀਨ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ 2022 ਵਿਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਇਕ ਇਕ ਮਾਮਲੇ ਦਾ ਹਿਸਾਬ ਲਿਆ ਜਾਵੇਗਾ।  ਪਟਿਆਲਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ 7 ਅਗਸਤ ਨੂੰ ਸੁਖਬੀਰ ਬਾਦਲ ਪਟਿਆਲਾ ਵਿਚ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਹਿਸਾਬ ਲੈਣ ਆ ਰਹੇ ਹਨ ਪਰ ਜੋ ਗੁਰੂ ਸਾਹਿਬ ਦੇ 267 ਸਰੂਪ ਲਾਪਤਾ ਹੋਏ ਹਨ ਉਨ੍ਹਾਂ ਦਾ ਹਿਸਾਬ ਕੌਣ ਦੇਵੇਗਾ। ਸ੍ਰੀ ਮਾਨ ਨੇ ਕਿਹਾ ਕਿ ਨਕਲੀ ਬੀਜ, ਨਕਲੀ ਜਿਪਸਮ ਘੁਟਾਲਾ ਹੋ ਰਿਹਾ ਹੈ ਤੇ ਨਾਜਾਇਜ਼ ਸ਼ਰਾਬ ਪੀ ਕੇ ਲੋਕ ਮਰ ਰਹੇ ਹਨ। ਹਰ ਵਾਰ ਜਾਂਚ ਕਮੇਟੀ ਬਣਾਈ ਜਾਂਦੀ ਹੈ ਤੇ ਮਾਮਲਾ ਖ਼ੁਰਦ ਬੁਰਦ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਪ੍ਰੀਤੀ ਮਲਹੋਤਰਾ, ਮੇਜਰ ਮਲਹੋਤਰਾ, ਗਗਨ ਚੱਢਾ, ਕੁੰਦਨ ਗੋਗੀਆ, ਤੇਜਿੰਦਰ ਮਹਿਤਾ, ਜਰਨੈਲ ਸਿੰਘ ਮੰਨੂ, ਡਾ. ਬਲਬੀਰ ਸਿੰਘ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ ਹੈ ਕਿ ਧਾਰਮਿਕ ਸਥਾਨ ਬਣਾਉਣੇ ਧਾਰਮਿਕ ਲੋਕਾਂ ਦਾ ਕੰਮ ਹੁੰਦਾ ਹੈ, ਪ੍ਰਧਾਨ ਮੰਤਰੀ ਦਾ ਕੰਮ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ, ਇੱਥੇ ਧਰਮ ਦੇ ਨਾਮ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਨੇ ਕਿਹਾ ਕਿ ਮੋਦੀ ਰਾਜ ਵਿਚ ਸੱਚ ਬੋਲਣ ਵਾਲੇ ਪੱਤਰਕਾਰਾਂ ’ਤੇ ਪਰਚੇ ਦਰਜ ਹੋ ਰਹੇ ਹਨ ਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਨੇ ਕਿਹਾ ਕਿ ਭਾਰਤ ਵਿਚ ਕਰੀਬ 56 ਪੱਤਰਕਾਰਾਂ ’ਤੇ ਪਰਚੇ ਦਰਜ ਹੋਏ ਹਨ। ਕੇਂਦਰ ਸਰਕਾਰ ਵਲੋਂ ਮੀਡੀਆ ਦੀ ਅਾਵਾਜ਼ ਨੂੰ ਦਬਾਇਆ ਜਾ ਰਿਹਾ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All