ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਮਈ
ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਇਲਾਕੇ ਵਿੱਚੋਂ ਲੰਘਦੀ ਟੁੱਟੀ ਸੜਕ ਬਣਾਈ ਜਾਵੇ। ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਸਿੰਘ ਬਾਘਾ, ਪਿੰਡ ਬੇਗਮਪੁਰਾ ਦੀ ਸਰਪੰਚ ਕਮਲਜੀਤ ਕੌਰ, ਮੁਜੱਫਰਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਪਤਾਰਾ ਦੇ ਸਰਪੰਚ ਸਤਪਾਲ ਦਾਸ ਨੇ ਦੱਸਿਆ ਕਿ ਰਾਮਾਮੰਡੀ ਤੋਂ ਹੁਸ਼ਿਆਰਪੁਰ ਰੋਡ ਨੂੰ ਜੋੜਨ ਵਾਲੀ ਖਸਤਾ ਹਾਲਤ ਵਾਲੀ ਸੜਕ ਤੋਂ ਲੋਕਾਂ ਨੂੰ ਲੰਘਣਾ ਔਖਾ ਹੋਇਆ ਪਿਆ ਹੈ ਤੇ ਖ਼ਾਸ ਕਰਕੇ ਰਾਤ ਨੂੰ ਤਾਂ ਦੋ ਪਹੀਆ ਵਾਹਨ ਲੰਘ ਹੀ ਨਹੀਂ ਸਕਦੇ। ਇਸ ਮੁੱਖ ਸੜਕ ’ਤੇ ਤਿੰਨ ਵੱਡੇ ਸਕੂਲ ਤੇ ਧਾਰਮਿਕ ਸਥਾਨ ਵੀ ਹਨ। ਇਸ ਮੌਕੇ ਪਿੰਡ ਸਰਨਾਣਾ ਦੇ ਸਰਪੰਚ ਗੁਰਪ੍ਰੀਤ ਸਿੰਘ, ਜੈਤੇਵਾਲੀ ਦੇ ਸਰਪੰਚ ਰਛਪਾਲ ਸਿੰਘ ਅਤੇ ਪਿੰਡ ਬੁਢਿਆਣਾ ਦੇ ਸਰਪੰਚ ਰਮੇਸ਼ ਲਾਲ ਸਮੇਤ ਇਲਾਕੇ ਦੇ ਪੰਚ ਤੇ ਮੋਹਤਬਾਰ ਆਗੂ ਹਾਜ਼ਰ ਸਨ। ਇਨ੍ਹਾਂ ਸਰਪੰਚਾਂ ਦਾ ਕਹਿਣਾ ਸੀ ਕਿ ਜੇ ਇਹ ਸੜਕ ਨਾ ਬਣੀ ਤਾਂ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਹਲਕੇ ਦਾ ਵੱਡਾ ਮੁੱਦਾ ਬਣੇਗੀ।