ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਅਕਤੂਬਰ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਵਿੱਚ ਬੁਲਾਰਿਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਮਾਮਲਿਆਂ ਦਾ ਵੀ ਨਿੱਜੀਕਰਨ ਕਰ ਰਹੀ ਹੈੈ। ਬੁਲਾਰਿਆਂ ਨੇ ਕਿਹਾ ਕਿ ਸੰਸਾਰ ਬੈਂਕ ਅਤੇ ਕੌਮੀ ਮੁਦਰਾ ਕੋਸ਼ ਦਾ ਕੇਂਦਰ ਸਰਕਾਰ ’ਤੇ ਏਨਾ ਦਬਾਅ ਹੈ ਕਿ ਤੇਜ਼ੀ ਨਾਲ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਡੇ ਪਬਲਿਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਡੈਲੀਗੇਟ ਇਜਲਾਸ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ ਅਤੇ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਭੋਗਲ ਦੀ ਦੇਖ ਰੇਖ ਹੇਠ ਹੋਇਆ। ਇਜਲਾਸ ਦੇ ਪ੍ਰਧਾਨਗੀ ਮੰਡਲ ’ਚ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਧੰਜੂ, ਗੁਰਚਰਨਜੀਤ ਸਿੰਘ, ਗੁਰਦੇਵ ਸਿੰਘ ਢਿਲੋਂ, ਜਸਵਿੰਦਰ ਪਾਲ, ਮੱਖਣ ਲਾਲ, ਸੀਤਲ ਕੁਮਾਰ ਅਤੇ ਸਰਬਜੀਤ ਆਦਿ ਸ਼ਾਮਲ ਹੋਏ। ਇਸ ਮੌਕੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।
ਇਸ ਮੌਕੇ ਜ਼ਿਲ੍ਹਾ ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਅਨੁਸਾਰ ਦਲਬੀਰ ਸਿੰਘ ਧੰਜੂ ਨੂੰ ਜ਼ਿਲ੍ਹਾ ਪ੍ਰਧਾਨ, ਚਰਨਜੀਤ ਸਿੰਘ ਔਲਖ ਨੂੰ ਸਕੱਤਰ, ਜਸਵਿੰਦਰ ਪਾਲ ਨੂੰ ਕੈਸ਼ੀਅਰ ਅਤੇ ਜਸਵਿੰਦਰ ਭੋਗਲ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ।