ਪਾਲ ਸਿੰਘ ਨੌਲੀ
ਜਲੰਧਰ, 3 ਦਸੰਬਰ
ਦਿੱਲੀ ਮੋਰਚੇ ਲਈ ਭੇਜਣ ਵਾਸਤੇ ਦੋਆਬੇ ਦੇ ਪਿੰਡਾਂ ਵਿੱਚੋਂ 20 ਕੁਇੰਟਲ ਦੇ ਕਰੀਬ ਪਿੰਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪਿੰਨੀਆਂ ਵਿੱਚ ਦੇਸੀ ਘਿਓ, ਸੁੱਕੇ ਮੇਵੇ ਤੇ ਕਿਸਾਨਾਂ ਦਾ ਘਰ ਦਾ ਕੱਢਿਆ ਗੁੜ ਵਰਤਿਆ ਜਾ ਰਿਹਾ ਹੈ। ਦੋਆਬੇ ਦੇ ਨਾਮਵਰ ਪਿੰਡ ਜਗਤਪੁਰ ਜੱਟਾਂ ਵਿੱਚ 15 ਕੁਇੰਟਲ, ਪਿੰਡ ਨੌਲੀ ਵਿੱਚ 5 ਕੁਇੰਟਲ, ਤਲਵੰਡੀ ਮਾਧੋ ਵਿੱਚ 3 ਕੁਇੰਟਲ ਤੇ ਪਿੰਡ ਸੋਹਲ ਖਾਲਸਾ ਵਿੱਚ 2 ਕੁਇੰਟਲ ਦੇ ਕਰੀਬ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਹਨ। ਪਿੰਡ ਨੌਲੀ ਦੇ ਗੁਰਦੁਆਰਾ ਹਰਿ ਹਰੀ ਜਾਪ ਸਾਹਿਬ ਦੇ ਸੇਵਾਦਾਰ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਵੱਡੇ ਪੱਧਰ ’ਤੇ ਰਸਦਾਂ ਦਿੱਲੀ ਮੋਰਚੇ ਲਈ ਜਾ ਰਹੀਆਂ ਹਨ। ਸੰਗਤ ਵੱਲੋਂ 5 ਕੁਇੰਟਲ ਦੇ ਕਰੀਬ ਅਲਸੀ ਦੀਆਂ ਪਿੰਨੀਆਂ ਬਣਾਈਆਂ ਗਈਆਂ ਹਨ। ਦੋ ਗੱਡੀਆਂ ਵਿੱਚ ਇਹ ਸਿੰਘੂ ਬਾਰਡਰ ’ਤੇ ਪਹੁੰਚਾਈਆਂ ਜਾਣਗੀਆਂ। ਪਿੰਨੀਆਂ ਬਣਾਉਣ ਲਈ ਉਚੇਚੇ ਤੌਰ ’ਤੇ ਹਲਵਾਈ ਸੱਦੇ ਗਏ ਸਨ ਤੇ ਪਿੰਨੀਆਂ ਵੱਟਣ ਲਈ ਬੀਬੀਆਂ ਨੇ ਦਿਲੋਂ ਸੇਵਾ ਕੀਤੀ। ਪਿੰਡ ਤਲਵੰਡੀ ਮਾਧੋ ਤੋਂ ਨੌਜਵਾਨ ਕਿਸਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਦੋ ਲੱਖ ਤੋਂ ਵੱਧ ਰਕਮ ਇਕੱਠੀ ਹੋ ਗਈ ਹੈ ਤੇ ਪਿੰਨੀਆਂ ਬਣਾਉਣ ਲਈ ਸਾਮਾਨ ਲਿਆਂਦਾ ਗਿਆ ਹੈ। ਉਚੇਚੇ ਤੌਰ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗੁੜ ਲਿਆਂਦਾ ਹੈ। ਇਸੇ ਤਰ੍ਹਾਂ ਪਿੰਡ ਸੋਹਲ ਖਾਲਸਾ ਵਿੱਚ ਵੀ ਦੋ ਕੁਇੰਟਲ ਦੇ ਕਰੀਬ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ। ਜਗਤਪੁਰ ਜੱਟਾਂ ਤੋਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚੋਂ 15 ਕੁਇੰਟਲ ਪਿੰਨੀਆਂ ਬਣਾ ਕੇ ਦਿੱਲੀ ਲਈ ਰਵਾਨਾ ਕਰ ਦਿੱਤੀਆਂ ਹਨ। ਇਸ ਸੇਵਾ ਵਿੱਚ ਵਿਦੇਸ਼ਾਂ ’ਚ ਪੰਜਾਬੀਆਂ ਅਤੇ ਪਿੰਡ ਦੇ ਲੋਕਾਂ ਨੇ ਸਾਂਝੇ ਤੌਰ ’ਤੇ ਹਿੱਸਾ ਪਾਇਆ।