ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਦਸੰਬਰ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਜੀਓ ਤੇ ਰਿਲਾਇੰਸ ਦੇ ਸਟੋਰ ਬੰਦ ਕਰਾਉਣ ਤੋਂ ਬਾਅਦ ਬਾਬਾ ਰਾਮਦੇਵ ਦੇ ਪਤੰਜਲੀ ਸਟੋਰ ਵੀ ਬੰਦ ਕਰਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਇੱਥੇ ਦੋਆਬਾ ਚੌਕ ਨੇੜਲੇ ਪਤੰਜਲੀ ਸਟੋਰ ਨੂੰ ਨੌਜਵਾਨ ਕਿਸਾਨਾਂ ਤੇ ਸ਼ਹਿਰ ਦੇ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬੰਦ ਕਰਵਾ ਦਿੱਤਾ। ਕਿਸਾਨ ਜਦੋਂ ਨਾਅਰੇ ਮਾਰਦਿਆਂ ਪਤੰਜਲੀ ਸਟੋਰ ਵੱਲ ਜਾ ਰਹੇ ਸਨ ਤਾਂ ਦੁਕਾਨ ਦੇ ਮਾਲਕ ਨੇ ਦੁਕਾਨ ਨੂੰ ਜਿੰਦਰਾ ਲਾ ਦਿੱਤਾ। ਹਾਲਾਤ ਤਣਾਅਪੂਰਨ ਹੋਣ ਤੋਂ ਪਹਿਲਾਂ ਹੀ ਪਤੰਜਲੀ ਸਟੋਰ ਦੇ ਬਾਹਰ ਪੁਲੀਸ ਤਾਇਨਾਤ ਹੋ ਗਈ। ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਕਿਸਾਨਾਂ ਦਾ ਕਹਿਣਾ ਸੀ ਕਿ ਬਾਬਾ ਰਾਮਦੇਵ ਵੀ ਮੋਦੀ ਦੀਆਂ ਨੀਤੀਆਂ ਦੀ ਹਾਮੀ ਭਰਦਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਮਾਡਲ ਟਾਊਨ ਦਾ ਜੀਓ ਸਰਵਿਸ ਸੈਂਟਰ ਤੇ ਜਿਊਲਰੀ ਸ਼ੋਅਰੂਮ ਬੰਦ ਕਰਵਾ ਦਿੱਤਾ।