ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜਨਵਰੀ
ਭਾਰਤੀ ਕਿਸਾਨ ਯੂਨੀਅਨ ਦੋਆਬਾ, ਆਜ਼ਾਦ ਸੰਘਰਸ਼ ਕਮੇਟੀ, ਦੋਆਬਾ ਕਿਸਾਨ ਕਮੇਟੀ (ਪੰਜਾਬ) ਅਤੇ ਦਲ ਖਾਲਸਾ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਪਿਛਲੇ 27 ਸਾਲਾਂ ਤੋਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ 9 ਸਿੱਖ ਰਾਜਸੀ ਆਗੂਆਂ ਦੀ ਰਿਹਾਈ ਜੇ ਛੇਤੀ ਨਾ ਕੀਤੀ ਗਈ ਤਾਂ 27 ਜਨਵਰੀ ਨੂੰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਦਲ ਖਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ ਅਤੇ ਕਿਸਾਨ ਆਗੂ ਗੁਰਪਾਲ ਸਿੰਘ ਨੇ ਕਿਹਾ ਕਿ ਸੋਮ ਪ੍ਰਕਾਸ਼ ਕੇਂਦਰ ਵਿਚ ਮੌਜੂਦਾ ਮੋਦੀ ਸਰਕਾਰ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਪੰਜਾਬ ਦੇ ਇਕੱਲੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਇਨ੍ਹਾਂ ਰਾਜਸੀ ਕੈਦੀਆਂ ਦੀ ਰਿਹਾਈ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਸਿੱਖ ਕੈਦੀਆਂ ਦੀ ਰਿਹਾਈ ਜਲਦੀ ਨਹੀਂ ਕੀਤੀ ਜਾਂਦੀ ਤਾਂ 27 ਜਨਵਰੀ ਨੂੰ ਸੋਮ ਪ੍ਰਕਾਸ਼ ਦੀ ਫਗਵਾੜਾ ਵਿਚਲੀ ਰਿਹਾਇਸ਼ ’ਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਿੱਖ ਅਲਾਇੰਸ ਦੇ ਸੁਖਦੇਵ ਸਿੰਘ ਫਗਵਾੜਾ ਅਤੇ ਅਕਾਲ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਮਨਜੀਤ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਛੱਡ ਬਾਕੀ ਸਾਰੇ ਕੈਦੀ 25 ਸਾਲ ਤੋਂ ਵੱਧ ਦੀ ਸਜ਼ਾ ਕੱਟ ਚੁੱਕੇ ਹਨ। ਦਲ ਖਾਲਸਾ ਨੇ ਕੇਂਦਰ ਸਰਕਾਰ ਅਤੇ ਦਿੱਲੀ ਦੀ ‘ਆਪ’ ਸਰਕਾਰ ਨੂੰ ਕਿਹਾ ਕਿ ਉਹ ਜਾਂ ਤਾਂ ਸਿੱਖ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਜਾਂ ਫਿਰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।