ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਮਈ
ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਕਾਂਗਰਸ ਇੱਕ ਡੁੱਬਦਾ ਜਹਾਜ਼ ਹੈ ਤੇ ਇਸ ਵਿੱਚੋਂ ਹਰ ਕੋਈ ਛਾਲਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ’ਤੇ ਸਭ ਤੋਂ ਲੰਮਾ ਸਮਾਂ ਰਾਜ ਕੀਤਾ ਤੇ ਇਸ ਦੇ ਆਗੂ ਭ੍ਰਿਸ਼ਟਾਚਾਰ ਵਿੱਚ ਡੁੱਬੇ ਪਏ ਹਨ।
ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਿਸ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਸਹਿਣ ਕਰਨ ਵਾਲੇ ਆਗੂ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਆਪ’ ਸਾਰੀਆਂ 13 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ। ਕਾਂਗਰਸ ਦੇ ਸੀਨੀਅਰ ਲੀਡਰ ਪਾਰਟੀ ਤੋਂ ਖਹਿੜਾ ਛੁਡਾ ਰਹੇ ਹਨ। ਕਾਂਗਰਸ ਦਾ ਕੋਈ ਵੀ ਲੀਡਰ ਚੋਣ ਲੜਨਾ ਨਹੀਂ ਚਹੁੰਦਾ। ਨਕੋਦਰ ਵਿਧਾਨ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਦੌਰਾਨ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਦਿੱਤੀ ਸਹੂਲਤ ਨਾਲ ਪੰਜਾਬ ਦੇ 86 ਫੀਸਦੀ ਲੋਕਾਂ ਨੂੰ ਲਾਭ ਹੋਇਆ ਹੈ।
ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਤੇ ਹੋਰਨਾ ਆਗੂਆਂ ਨੇ ਪਵਨ ਟੀਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਨਕੋਦਰ ਵਿਚੋਂ ਸਭ ਤੋਂ ਵੱਧ ਲੀਡ ਹੋਵੇਗੀ। ਪਵਨ ਟੀਨੂ ਤੇ ਬੀਬੀ ਇੰਦਰਜੀਤ ਕੌਰ ਨੇ ਪਿੰਡ ਮੁਹੇਮ, ਸ਼ੰਕਰ, ਤਲਵੰਡੀ ਭਰੋਂ, ਉਗੀ, ਕਾਂਗਨਾ, ਹੁਸੈਨਪੁਰ, ਚੂਹੇਕੀ, ਉਪਲ ਖਾਲਸਾ, ਮੋਆਈ, ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ।
ਪਵਨ ਟੀਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲੀਆਂ ਸਰਕਾਰਾਂ ਦੇ ਵੇਲੇ ਤਾਂ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਬਾਰੇ ਹੀ ਸੁਣਦੇ ਰਹਿੰਦੇ ਸੀ, ਹੁਣ ਕਦੇ ਮਾਨ ਸਰਕਾਰ ਨੇ ਇਸ ਤਰ੍ਹਾਂ ਨਹੀਂ ਕਿਹਾ ਸਗੋਂ ਖਜ਼ਾਨੇ ਨੂੰ ਭ੍ਰਿਸ਼ਟਾਚਾਰੀਆਂ ਵਲੋਂ ਕੀਤੀਆਂ ਗਈਆਂ ਮੋਰੀਆਂ ਨੂੰ ਬੰਦ ਕਰ ਕੇ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਚੋਣ ਮੀਟਿੰਗਾਂ ਦੌਰਾਨ ਹਲਕੇ ਦੇ ਲੋਕਾਂ ਨੇ ਪਵਨ ਕੁਮਾਰ ਟੀਨੂ ਵੱਡੇ ਫਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ।