ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਛਾਉਣੀ ਹਲਕੇ ਦੇ ਉਮੀਦਵਾਰ ਪਰਗਟ ਸਿੰਘ ਨੇ ਜਲੰਧਰ ਛਾਉਣੀ ਹਲਕੇ ਦੇ ਦੌਲਤਪੁਰ, ਰਾਏਪੁਰ, ਸਲਾਰਪੁਰ, ਚਾਚੋਵਾਲ, ਖੇੜਾ ਅਤੇ ਸੰਸਾਰਪੁਰ ਦਾ ਦੌਰਾ ਕੀਤਾ। ਸ਼ਹਿਰ ਦੇ ਨਾਲ ਲੱਗਦੇ ਇਕ ਪਿੰਡ ਵਿਚ ਚੋਣ ਮੀਟਿੰਗ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਜਿਹੜੇ 11 ਪਿੰਡ ਨਗਰ ਨਿਗਮ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਪਿੰਡਾਂ ਵਿੱਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਸਮੇਤ ਹੋਰ ਵਿਕਾਸ ਕਾਰਜਾਂ ’ਤੇ 150 ਕਰੋੜ ਦੀ ਰਕਮ ਖਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਕੰਮ ਦੇਰੀ ਨਾਲ ਸ਼ੁਰੂ ਹੋਏ ਹਨ ਪਰ ਇਨ੍ਹਾਂ ਕੰਮਾਂ ਨੂੰ ਸਿਰੇ ਚੜ੍ਹਨ ਨਾਲ ਪਿੰਡਾਂ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸੀਵਰੇਜ ਪਰਗਟ ਸਿੰਘ ਪਾਉਣ ਲਈ ਸੜਕਾਂ ਤਾਂ ਪੁੱਟਣੀਆਂ ਹੀ ਪੈਣਗੀਆਂ। ਇਹ ਸਮੱਸਿਆ ਤਾਂ ਥੋੜ੍ਹੇ ਦਿਨਾਂ ਦੀ ਗੱਲ ਹੈ ਪਰ ਇਨ੍ਹਾਂ ਪਿੰਡਾਂ ਦੀ ਸਮੱਸਿਆ ਦਾ ਹੱਲ ਵੀ ਪੱਕਾ ਹੋ ਜਾਵੇਗਾ।