ਪਾਲ ਸਿੰਘ ਨੌਲੀ
ਜਲੰਧਰ, 31 ਅਕਤੂਬਰ
ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ੁਰੂ ਹੋਏ ਗਦਰੀ ਬਾਬਿਆਂ ਦੇ ਮੇਲੇ ਵਿੱਚ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ। ਪਰਗਟ ਸਿੰਘ ਨੇ ਪੁਸਤਕ ਪ੍ਰਦਰਸ਼ਨੀ ਵਿੱਚ ਸਟਾਲਾਂ ਉਤੇ ਜਾ ਕੇ ਕੁਝ ਕਿਤਾਬਾਂ ਵੀ ਖਰੀਦੀਆਂ। ਇਨ੍ਹਾਂ ਵਿੱਚ ਨੌਜਵਾਨਾਂ ਦੇ ਆਦਰਸ਼ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੀਵਨ ਸੰਘਰਸ਼ ਤੇ ਵਿਚਾਰ, ਦੂਰਅੰਦੇਸ਼ੀ ਸਿਆਸਤਦਾਨ ਅਤੇ ਆਧੁਨਿਕ ਪੰਜਾਬ ਦੇ ਨਿਰਮਾਤਾ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਅਤੇ ਹੋਰ ਕਿਤਾਬਾਂ ਸ਼ਾਮਲ ਸਨ। ਇਸ ਮੌਕੇ ਪਰਗਟ ਸਿੰਘ ਨੇ ਜਿੱਥੇ ਨੌਜਵਾਨ ਬੱਚੇ-ਬੱਚੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ, ਉੁੱਥੇ ਪ੍ਰਕਾਸ਼ਕਾਂ ਕੋਲੋਂ ਵੀ ਫੀਡਬੈਕ ਹਾਸਲ ਕੀਤੀ।
ਪਰਗਟ ਸਿੰਘ ਨੇ ਕਿਹਾ ਕਿ ਗਦਰੀ ਬਾਬਿਆਂ ਦੇ ਮੇਲੇ ਵਿੱਚ ਇਹ ਵੇਖ ਕੇ ਖੁਸ਼ੀ ਹੋਈ ਕਿ ਸਾਡਾ ਨੌਜਵਾਨ ਚੇਤੰਨ ਹੈ ਅਤੇ ਮਹਾਨ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਲਈ ਦਿ੍ੜ੍ਹ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਭਾਸ਼ਾ ਵਿਭਾਗ ਦੇ ਸਟਾਲ ਉਤੇ ਵੀ ਗੇੜਾ ਲਾਇਆ। ਉਨ੍ਹਾਂ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਨੂੰ ਹੋਰ ਵੀ ਤਕੜਾ ਕੀਤਾ ਜਾਵੇਗਾ ਅਤੇ ਨਵੀਆਂ ਕਿਤਾਬਾਂ ਛਾਪੀਆਂ ਜਾਣਗੀਆਂ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸ਼ਨ ਬਿਊਰੋ ਦੀ ਸਟਾਲ ਵੀ ਦੇਖੀ। ਪਰਗਟ ਸਿੰਘ ਨੇ ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਮਿਊਜ਼ੀਅਮ ਨੂੰ ਵੀ ਦੇਖਿਆ।
ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਪ੍ਰਬੰਧਕ ਗੁਰਮੀਤ ਸਿੰਘ ਸਮੇਤ ਕਈ ਸਾਹਿਤਕਾਰਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ।
ਲਾਇਲਪੁਰ ਖਾਲਸਾ ਕਾਲਜ ਨੂੰ 5 ਲੱਖ ਰੁਪਏ ਦੇਣ ਦਾ ਐਲਾਨ
ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ ਜਿਸ ਲਈ ਵਿਸ਼ੇਸ਼ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ। ਇਹ ਗੱਲ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਪਰਗਟ ਸਿੰਘ ਨੇ ਵੀ ਹਾਕੀ ਫੜ ਕੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟਰੋਟਰਫ ਲਈ 5 ਲੱਖ ਰੁਪਏ ਅਤੇ ਜੀ ਐਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।