ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਕਮਿਸ਼ਨਰੇਟ ਪੁਲੀਸ ਨੇ 2.01 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਬਰਾਮਦਗੀ ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਚੇਤ ਸਿੰਘ ਨਗਰ ਇਲਾਕੇ ਵਿੱਚ 14 ਘੰਟੇ ਚੱਲੇ ਸਰਚ ਅਪਰੇਸ਼ਨ ਤੋਂ ਹੋਈ। ਜਲੰਧਰ ਕਮਿਸ਼ਨਰੇਟ ਪੁਲੀਸ ਦੀ ਟੀਮ ਨੇ ਇਕ ਕਰੋੜ ਰੁਪਏ ਦੀਆਂ ਆਮ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਪਹਿਲਾਂ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸਨ ਜਦਕਿ ਤੀਜੇ ਮੁਲਜ਼ਮ ਦੀ ਪਛਾਣ ਵਿਕਾਸ ਬਾਂਸਲ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਟੀਮ ਨੇ ਚੇਤ ਸਿੰਘ ਨਗਰ ’ਚ 17 ਅਕਤੂਬਰ ਦੀ ਰਾਤ ਨੂੰ ਮੁਲਜ਼ਮ ਪਿਯੂਸ਼ ਦੀ ਨਿਸ਼ਾਨਦੇਹੀ ’ਤੇ ਰੇਡ ਕੀਤੀ ਸੀ। ਕੌਂਸਲਰ ਦੀ ਮੌਜੂਦਗੀ ’ਚ ਘਰ ਦੇ ਚਾਰੇ ਕਮਰਿਆਂ ਨੂੰ ਸੀਲ ਕੀਤਾ ਗਿਆ। ਅਗਲੀ ਸਵੇਰ ਵਿਭਾਗ ਨੇ ਲੁਧਿਆਣਾ ਦੇ ਡਰੱਗ ਵਿਭਾਗ ਨੂੰ ਸੂਚਿਤ ਕੀਤਾ, ਜਿਸ ਮਗਰੋਂ ਜ਼ੋਨਲ ਲਾਇਸੈਂਸਿੰਗ ਅਥਾਰਟੀ ਕੁਲਵਿੰਦਰ ਸਿੰਘ, ਡਰੱਗ ਇੰਸਪੈਕਟਰ ਰੂਪ ਪ੍ਰੀਤ ਕੌਰ ਮੌਕੇ ’ਤੇ ਪਹੁੰਚੇ। ਕਮਰੇ ਵਿੱਚੋਂ ਕਈ ਬਕਸੇ ਬਰਾਮਦ ਹੋਏ।