ਪਾਲ ਸਿੰਘ ਨੌਲੀ
ਜਲੰਧਰ, 13 ਅਪਰੈਲ
ਇੱਥੋਂ ਦੇ ਲਾਡੋਵਾਲੀ ਰੋਡ ਸਥਿਤ ਯੂਨੀਵਰਸਿਟੀ ਕਾਲਜ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਡੀਏਵੀ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਜੀ ਸੀ ਕੌਲ ਬਤੌਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਕਿ ਡਾ. ਅੰਬੇਡਕਰ ਆਪਣੇ ਸਮੇਂ ਦੀ ਯੁੱਗ ਪਲਟਾਊ ਸ਼ਖਸੀਅਤ ਸਨ। ਮੁੱਖ ਬੁਲਾਰੇ ਪ੍ਰੋ. ਜੀਸੀ ਕੌਲ ਨੇ ਬਾਬਾ ਸਾਹਿਬ ਦੇ ਸਮੁੱਚੇ ਜੀਵਨ , ਸ਼ੰਘਰਸ਼ ਅਤੇ ਦੇਣ ਸਬੰਧੀ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਂਝ ਪਾਉਂਦਿਆਂ ਕਿਹਾ ਬਾਬਾ ਸਾਹਿਬ ਦੇ 1920 ਵਿੱਚ ਜਿਹੜੀ ਅਖ਼ਬਾਰ `ਮੂਕਨਾਇਕ` ਕੱਢੀ ਸੀ ਉਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਮੀਡੀਆ ਵਿੱਚ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਉਚ ਜਾਤੀਆਂ ਨਾਲੋਂ ਘੱਟ ਥਾਂ ਮਿਲਦੀ ਹੈ। ਪ੍ਰੋ. ਕੌਲ ਨੇ ਕਿਹਾ ਕਿ 102 ਸਾਲ ਬਾਅਦ ਵੀ ਬਾਬਾ ਸਾਹਿਬ ਦੇ `ਮੂਕਨਾਇਕ` ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਆਖਿਆ ਕਿ ਅੱਜ ਦੀ ਪੀੜ੍ਹੀ ਨੂੰ ਬਾਬਾ ਸਾਹਿਬ ਵਲੋਂ ਦਲਿਤ, ਮਹਿਲਾ ਅਤੇ ਹੋਰ ਵਰਗਾਂ ਵਾਸਤੇ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਉਣ ਲਈ ਅਜਿਹੇ ਸੈਮੀਨਾਰ ਸਮੇਂ ਦੀ ਲੋੜ ਹੈ। ਕਾਲਜ ਦੇ ਪੰਜਾਬੀ ਵਿਭਾਗ ਦੇ ਡਾ. ਲਖਵੀਰ ਸਿੰਘ ਨੇ ਪ੍ਰੋ. ਜੀਸੀ ਕੌਲ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਪ੍ਰੋ. ਸਿਮਰਨਪ੍ਰੀਤ ਕੌਰ ਨੇ ਕੀਤਾ। ਅੰਤ ਵਿਚ ਹਰਜੀਤ ਸਿੰਘ ਦੀ ਅਗਵਾਈ ਵਿੱਚ ਡਾ. ਜੀ.ਸੀ ਕੌਲ ਦਾ ਸਨਮਾਨ ਕੀਤਾ ਗਿਆ।