ਪਾਲ ਸਿੰਘ ਨੌਲੀ
ਜਲੰਧਰ, 13 ਅਪਰੈਲ
ਅਲਾਇੰਸ ਫਾਰ ਰਿਵਰ ਦੇ 39ਵੇਂ ਸੈਸ਼ਨ ਵਿੱਚ ਹਿੱਸਾ ਲੈਂਦਿਆ ਦੇਸ਼ ਭਰ ਦੇ 40 ਤੋਂ ਵੱਧ ਪਾਣੀਆਂ ਦੇ ਰਾਖਿਆਂ ਨੇ ਕਿਹਾ ਕਿ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਕੌਮੀ ਪੱਧਰ ’ਤੇ ਨੀਤੀ ਬਣਾਈ ਜਾਵੇ ਤਾਂ ਜੋ ਪਾਣੀ ਦੇ ਸੰਕਟ ਵਿੱਚੋਂ ਉਭਰਿਆ ਜਾ ਸਕੇ। ਬੁਲਾਰਿਆਂ ਨੇ ਵੈਬਿਨਾਰ ਰਾਹੀਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਉਣਾ ਤੇ ਬਰਸਾਤਾਂ ਦੇ ਪਾਣੀਆਂ ਨੂੰ ਸੰਭਾਲਣਾ ਦੇਸ਼ ਸਾਹਮਣੇ ਵੱਡੀ ਚੁਣੌਤੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਾਤਾਵਰਨ ਪ੍ਰੇਮੀ ਪਾਣੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਸ ਵੈਬਿਨਾਰ ’ਚ ਪੰਜਾਬ ’ਚ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਨ ਬਾਰੇ 21 ਸਾਲਾਂ ਦੀ ਕਠਿਨ ਤਪੱਸਿਆ ਬਾਰੇ ਦੇਸ਼ ਦੇ ਵਾਤਾਵਰਨ ਪ੍ਰੇਮੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਸੰਸਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਦੇ ਮਾਡਲ ਰਾਹੀਂ ਦੇਸ਼ ਦੇ ਹੋਰ ਨਦੀਆਂ ਤੇ ਦਰਿਆ ਸਾਫ਼ ਕੀਤੇ ਜਾ ਸਕਦੇ ਹਨ। ਅਲਾਇੰਸ ਫਾਰ ਰਿਵਰ ਵੱਲੋਂ ਜੁਲਾਈ 2020 ਤੋਂ ਵਾਤਾਵਰਨ ਸਿੱਖਿਆ ’ਤੇ ਵੈਬਿਨਾਰ ਸ਼ੁਰੂ ਕੀਤੇ ਗਏ ਸਨ। ਇਸ ਵਿੱਚ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਸੰਤ ਸੀਚੇਵਾਲ ਨੇ ਦੇਸ਼ ਵਿੱਚ ਨਦੀਆਂ, ਦਰਿਆਵਾਂ ਤੇ ਤਲਾਬਾਂ ਦੀ ਸਫ਼ਾਈ ਬਾਰੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਵੈਬਿਨਾਰ ਵਿੱਚ ਪਵਿੱਤਰ ਵੇਈਂ ਦੀ ਪੁਨਰ ਸੁਰਜੀਤੀ ਦੀ ਸਫਲਤਾ ਤੇ ਚੁਣੌਤੀਆਂ ਬਾਰੇ ਪਦਮਸ੍ਰੀ ਸੰਤ ਸੀਚੇਵਾਲ ਨੇ ਕਾਲੀ ਵੇਈਂ ਦੀ ਕਾਰ ਸੇਵਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਹਰ ਵੱਡੇ ਕੰਮ ਨੂੰ ਸੌਖਿਆਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਖੇਤੀ ਪ੍ਰਧਾਨ ਹੈ ਤੇ ਇਸ ਲਈ ਪਾਣੀ ਦੀ ਇੱਕ-ਇੱਕ ਬੂੰਦ ਸੰਭਾਲਣ ਦੀ ਲੋੜ ਹੈ। ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦਾ ਮਾਡਲ ਸਥਾਪਤ ਕੀਤਾ ਗਿਆ ਹੈ। ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਟਰੀਟ ਕਰਕੇ ਖੇਤੀ ਲਈ ਵਰਤਿਆ ਜਾਵੇ। ਬਰਸਾਤਾਂ ਦਾ ਪਾਣੀ ਧਰਤੀ ਵਿੱਚ ਰੀਚਾਰਜ ਕੀਤਾ ਜਾਵੇ। ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇੱਕ ਜੰਗ ਵਾਂਗ ਲੜਾਈ ਲੜੀ ਹੈ। ਸੀਚੇਵਾਲ ਮਾਡਲ ਰਾਹੀਂ ਹੁਣ ਤੱਕ 100 ਤੋਂ ਵੱਧ ਪਿੰਡ ਐੱਨਆਰਆਈਜ਼ ਦੇ ਸਹਿਯੋਗ ਨਾਲ ਗੰਦੇ ਪਾਣੀ ਟਰੀਟ ਕਰਕੇ ਖੇਤੀ ਨੂੰ ਲੱਗਦੇ ਕੀਤੇ ਹਨ। ਇਸ ਵੈਬਿਨਾਰ ਵਿੱਚ ਸ਼ਾਮਲ ਹੋਏ ਕੇਰਲਾ ਦੇ ਡਾ. ਨਗੇਂਦਰ ਪ੍ਰਭੂ ਨੇ ਪਾਣੀ ਵਿੱਚ ਹੁੰਦੀ ਹਾਈਸੰਥ ਬੂਟੀ ਉਪਰ ਬਹੁਤ ਵੱਡੇ ਪੱਧਰ ’ਤੇ ਖੋਜਾਂ ਕੀਤੀਆਂ ਹਨ। ਉਨ੍ਹਾਂ ਇਸ ਵਿਦੇਸ਼ੀ ਬੂਟੀ ਨੂੰ ਕਿਵੇਂ ਬਦਲਵੇਂ ਸਰੂਪਾਂ ਵਿੱਚ ਸੰਭਾਲਿਆ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ।