ਜਲੰਧਰ (ਪਾਲ ਸਿੰਘ ਨੌਲੀ): ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਦਲਿਤ ਮੁਟਿਆਰ ਨੌਦੀਪ ਕੌਰ ਦੇ ਹੱਕ ਵਿੱਚ ਕੌਮਾਂਤਰੀ ਪੱਧਰ ’ਤੇ ਆਵਾਜ਼ਾਂ ਉੱਠਣ ਲੱਗੀਆਂ ਹਨ। ਇੰਗਲੈਂਡ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਇਸ ਘਟਨਾ ਨਾਲ ਲੋਕਤੰਤਰਿਕ ਪ੍ਰਣਾਲੀ ਨੂੰ ਢਾਅ ਲੱਗੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਨੌਦੀਪ ਕੌਰ ਨੂੰ ਪੁਲੀਸ ਹਿਰਾਸਤ ਵਿੱਚ ਰੱਖ ਕੇ ਉਸ ’ਤੇ ਕੀਤੇ ਗਏ ਕਥਿਤ ਜਿਸਮਾਨੀ ਤਸ਼ਦੱਦ ਨੂੰ ਪਛਾਣੀਏ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਅਜਿਹਾ ਵਿਹਾਰ ਨਿੰਦਣਯੋਗ ਹੈ। ਦੂਜੇ ਪਾਸੇ ਕੈਨੇਡਾ ਤੋਂ ਸੰਸਦ ਮੈਂਬਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਵੀ ਟਵੀਟ ਕਰਕੇ ਦੁਨੀਆਂ ਭਰ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਨੌਦੀਪ ਕੌਰ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ। ਕੈਨੇਡਾ ਸਮੇਤ ਹੋਰਾਂ ਦੇਸ਼ਾਂ ਵਿੱਚ ਵੀ ਲੋਕ ਨੌਦੀਪ ਕੌਰ ਦੇ ਹੱਕ ਵਿੱਚ ਆਵਾਜ਼ਾਂ ਬੁਲੰਦ ਰਹੇ ਹਨ ਤੇ ਪੁਲੀਸ ਦੇ ਕਿਰਦਾਰ ਦੀ ਨਿੰਦਾ ਕਰ ਰਹੇ ਹਨ।