ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਫਰਵਰੀ
ਕਰਤਾਰਪੁਰ ਥਾਣੇ ਦੇ ਪਿੰਡ ਮੰਡ ਮੋੜ ਦੀ ਨੌਂ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਨੂੰ ਅਜੇ ਤੱਕ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕੀਤੇ ਜਾਣ ਵਿਰੁੱਧ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਭਲਕੇ 23 ਫਰਵਰੀ ਨੂੰ ਕਰਤਾਰਪੁਰ ਥਾਣੇ ਅੱਗੇ ਲਾਏ ਜਾ ਰਹੇ ਧਰਨੇ ਵਿੱਚ ਜਲੰਧਰ, ਸ਼ਾਹਕੋਟ, ਨੂਰਮਹਿਲ, ਮਹਿਤਪੁਰ, ਨਕੋਦਰ ਅਤੇ ਕਰਤਾਰਪੁਰ ਤੋਂ ਔਰਤਾਂ ਸ਼ਾਮਿਲ ਹੋਣਗੀਆਂ। ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੇ ਕਿਹਾ ਕਿ ਅੱਜ ਨਕੋਦਰ ਦੇ ਕੰਗ ਸਾਬੂ, ਨਵਾਂ ਪਿੰਡ ਸ਼ੌਕੀਆ, ਬੀਰ ਪਿੰਡ, ਬਾਠ ਕਲਾਂ, ਖੁਰਸ਼ੈਦਪੁਰ, ਮੰਡਿਆਲਾ, ਉਧੋਵਾਲ, ਬੀੜ ਬਾਲੋਕੀ, ਮਹਿਸਮਪੁਰ, ਸੰਗੋਵਾਲ, ਤੰਦਾਊਰਾ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜ਼ਿਲ੍ਹੇ ਅੰਦਰ ਬੱਚੀਆਂ ਅਤੇ ਔਰਤਾਂ ਨਾਲ ਵਧੀਕੀਆਂ ਦੇ ਮਾਮਲੇ ਪੁਲੀਸ ਵੱਲੋਂ ਗੰਭੀਰਤਾ ਨਾਲ ਨਹੀਂ ਲਏ ਜਾਂਦੇ। ਅਨੀਤਾ ਸੰਧੂ ਨੇ ਇਨ੍ਹਾਂ ਘਟਨਾਵਾਂ ਲਈ ਲੱਚਰ ਸੱਭਿਆਚਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨੀ ਘੋਲ ਦੇ ਚੱਲਦਿਆਂ ਲੱਚਰ ਸੱਭਿਆਚਾਰ ਨੂੰ ਠੱਲ੍ਹ ਪਈ ਸੀ, ਬਹੁਤ ਸਾਰੇ ਕਲਾਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਮਿਹਨਤੀ ਲੋਕਾਂ ਦੀ ਗੱਲ ਕਰਨ ਲੱਗੇ ਸੀ ਪਰ ਘੋਲ ਦੇ ਠੰਡਾ ਪੈਂਦਿਆਂ ਹੀ ਬੱਸਾਂ ਅਤੇ ਜਨਤਕ ਥਾਵਾਂ ’ਤੇ ਅਸ਼ਲੀਲ ਗਾਣੇ ਧੜੱਲੇ ਨਾਲ ਵੱਜਣੇ ਸ਼ੁਰੂ ਹੋ ਗਏ ਹਨ।