ਪਾਲ ਸਿੰਘ ਨੌਲੀ
ਜਲੰਧਰ, 30 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਐੱਸਡੀਓ ਮਹਿਤਪੁਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਵੱਖ-ਵੱਖ ਪਿੰਡਾਂ ਤੋਂ ਆਏ ਮਜ਼ਦੂਰਾਂ ਨੇ ਮਹਿਤਪੁਰ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਬੀਡੀਪੀਓ ਬਲਾਕ ਮਹਿਤਪੁਰ ਵਿੱਚ ਰੈਲੀ ਕਰਕੇ ਮਜ਼ਦੂਰਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਕੀਤੇ ਗਏ ਹੁਕਮਾਂ ’ਤੇ ਜੇ ਅਧਿਕਾਰੀਆਂ ਨੇ ਅਮਲ ਨਾ ਕੀਤਾ ਤਾ ਮਜ਼ਦੂਰ ਪੱਕੇ ਤੌਰ ’ਤੇ ਦਫਤਰਾਂ ਵਿਚ ਬੈਠਣ ਲਈ ਮਜਬੂਰ ਹੋਣਗੇ। ਮਜ਼ਦੂਰ ਮੰਗ ਕਰ ਰਹੇ ਸਨ ਕਿ ਬਿਜਲੀ ਬਕਾਏ ਮੁਆਫ ਕਰਕੇ ਕੁਨੈਕਸ਼ਨ ਜੋੜੇ ਜਾਣ, ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ ਅਤੇ ਮਗਨਰੇਗਾ ਹੇਠ ਮਜ਼ਦੂਰਾਂ ਨੂੰ ਸੌ ਦਿਨ ਕੰਮ ਦਿੱਤਾ ਜਾਵੇ।ਮਜ਼ਦੂਰਾਂ ਦੇ ਵਫਦ ਨੇ ਬੀਡੀਪੀਓ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਗਰਾਮ ਸਭਾ ਕਰਕੇ ਮਤੇ ਪਾਸ ਕੀਤੇ ਗਏ ਹਨ, ਮੁੱਖ ਮੰਤਰੀ ਦੇ ਐਲਾਨ ਮੁਤਾਬਕ ਉਨ੍ਹਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬੀਡੀਪੀਓ ਮਹਿਤਪੁਰ ਦੇ ਦਫਤਰ ਵਿੱਚ ਪੱਕਾ ਧਰਨਾ ਲਾਇਆ ਜਾਵੇਗਾ। ਇਸ ਮੌਕੇ =ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੀਬੀ ਬਕਸ਼ੋ ਰਾਣੀ, ਪਰਮਜੀਤ ਖਰਸ਼ੈਦਪੁਰ, ਸਰਬਜੀਤ, ਕਸ਼ਮੀਰ ਮੰਡਿਆਲਾ, ਡੇਨੀਅਲ ਸੰਗੋਵਾਲ, ਵਿਜੇ ਬਾਠ, ਆਸ਼ਾ ਲਾਲੀ, ਰਜਨੀ ਅਹੀਰ, ਸੁਰਿੰਦਰ ਕੌਰ, ਜਸਬੀਰ ਮੰਡਿਆਲਾ, ਆਸ਼ਾ ਲਾਲੀ, ਸੁਰਿੰਦਰ ਕੌਰ ਅਤੇ ਮੰਗਤ ਰਾਏ ਆਦਿ ਸ਼ਾਮਲ ਸਨ।