ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਅਪਰੈਲ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਜਿਹੜੇ ਚਾਰ ਅਧਿਆਪਕਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦਾ ਵਾਧੂ ਚਾਰਜ ਦੇ ਕੇ ਭੇਜਿਆ ਗਿਆ ਹੈ ਉਨ੍ਹਾਂ ਨੂੰ ਵਾਪਸ ਆਪਣੇ ਅਹੁਦਿਆਂ ’ਤੇ ਭੇਜਿਆ ਜਾਵੇ। ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਹੋਰਨਾਂ ਨੇ ਕਿਹਾ ਕਿ ਵਿਭਾਗੀ ਪਦ-ਉਨਤੀਆਂ ਕਰਕੇ ਪੋਸਟਾਂ ਭਰੀਆਂ ਜਾਣ ਤੇ ਉਦੋਂ ਤੱਕ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਚਾਰਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ 17 ਵਿਚੋਂ 6 ਬਲਾਕਾਂ ਵਿੱਚ ਬੀਪੀਈਓਜ਼ ਦੀਆਂ ਪੋਸਟਾਂ ਪਹਿਲਾਂ ਹੀ ਖਾਲੀ ਹਨ।
ਉਪਰੋਕਤ ਸਭ ਬੀਪੀਈਓਜ਼, ਜੇਬੀਟੀ ਅਧਿਆਪਕਾਂ ਤੋਂ ਹੈੱਡ ਟੀਚਰ, ਸੈਂਟਰ ਮੁੱਖ ਅਧਿਆਪਕ ਅਤੇ ਫਿਰ ਸੀਨੀਆਰਤਾ ਅਨੁਸਾਰ ਬੀਪੀਈਓਜ਼ ਜ਼ਿਲ੍ਹੇ ’ਚ ਪ੍ਰਮੋਟ ਹੋਏ ਸਨ। ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੰਬੇ ਸਮੇਂ ਤੋਂ ਰੁਕੀਆਂ ਬੀਪੀਈਓਜ਼ ਦੀਆਂ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ ਕਿਉਂਕਿ ਬਹੁ ਗਿਣਤੀ ਸੀਨੀਅਰ ਸੈਂਟਰ ਮੁੱਖ ਅਧਿਆਪਕ ਪ੍ਰਮੋਸ਼ਨਾਂ ਦੀ ਉਡੀਕ ਕਰਦੇ ਕਰਦੇ ਨਿਰਾਸ਼ਾ ਦੇ ਆਲਮ ਵਿੱਚ ਸੇਵਾਮੁਕਤ ਹੋ ਕੇ ਘਰਾਂ ਨੂੰ ਜਾ ਰਹੇ ਹਨ।