ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜੂਨ
ਸਾਹਿਤ ਕਲਾ ਅਤੇ ਸਭਿਆਚਾਰਕ ਮੰਚ ਵੱਲੋਂ ਸਥਾਨਕ ਵਿਰਸਾ ਵਿਹਾਰ ਵਿੱਚ ਨੌਜਵਾਨ ਕਵੀ ਇੰਦਰਪਾਲ ਦੀ ਪਲੇਠੀ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਸੰਧੂ ਵਰਿਆਣਵੀ, ਕੁਲਦੀਪ ਸਿੰਘ ਬੇਦੀ, ਸੁਲੱਖਣ ਸਰਹੱਦੀ ਅਤੇ ਮੰਚ ਦੇ ਪ੍ਰਧਾਨ ਡਾ. ਕੰਵਲ ਭੱਲਾ ਤੇ ਜਨਰਲ ਸਕੱਤਰ ਜਗਦੀਸ਼ ਰਾਣਾ ਨੇ ਕੀਤੀ। ਇਸ ਮੌਕੇ ਸੰਧੂ ਵਰਿਆਣਵੀ ਤੇ ਸੁਲੱਖਣ ਸਰਹੱਦੀ ਨੇ ਕਿਹਾ ਕਿ ਇੰਦਰਪਾਲ ਦੀ ਕਵਿਤਾ ਹਾਰੇ ਹੋਏ ਮਨੁੱਖ ਦੇ ਦਰਦਾਂ ਦੀ ਕਹਾਣੀ ਹੈ। ਕੁਲਦੀਪ ਸਿੰਘ ਬੇਦੀ, ਜਗਦੀਸ਼ ਰਾਣਾ ਤੇ ਡਾ. ਕੰਵਲ ਭੱਲਾ ਨੇ ਕਿਹਾ ਕਿ ਇੰਦਰਪਾਲ ‘ਟਿੱਬਿਆਂ ਦੇ ਰੁੱਖ’ ਰਾਹੀਂ ਆਮ ਮਨੁੱਖਤਾ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਾਵਿਕ ਢੰਗ ਨਾਲ ਬਾਖੂਬੀ ਕਰ ਰਿਹਾ ਹੈ। ਇਸ ਮੌਕੇ ਜਿੱਥੇ ਇੰਦਰਪਾਲ ਨੇ ਪੁਸਤਕ ਵਿੱਚੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਉੱਥੇ ਹੀ ਇਸ ਮੌਕੇ ਕਵੀ ਦਰਬਾਰ ਵਿੱਚ ਪੰਜਾਬੀ ਉਰਦੂ ਦੇ ਸ਼ਾਇਰ ਗੁਰਦੀਪ ਸਿੰਘ ਔਲਖ, ਕੁਲਬੀਰ ਕੰਵਲ, ਬਲਦੇਵ ਰਾਜ ਕੋਮਲ, ਮੋਹਨ ਸਿੰਘ ਮੋਤੀ, ਮੱਖਣ ਸਿੰਘ ਮਾਨ, ਨੱਕਾਸ਼ ਚਿੱਤੇਵਾਣੀ, ਜਸਵਿੰਦਰ ਜੱਸੀ, ਗੁਰਦੀਪ ਸੈਣੀ, ਬੱਬੂ ਸੈਣੀ, ਰਜਨੀ ਸ਼ਰਮਾ, ਆਸ਼ੀ ਈਸਪੁਰੀ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ। ਇਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਸ਼ਾਇਰ ਭਜਨ ਸਿੰਘ ਵਿਰਕ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ।