ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਮਈ
ਕਰੋਨਾ ਕਾਰਨ ਇੱਥੇ 25 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਦੌਰਾਨ 492 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜਿਸ ਨਾਲ ਜ਼ਿਲੇ ਵਿਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 5437 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ 1057 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਅੱਜ ਆਏ ਕਰੋਨਾ ਪਾਜ਼ੇਟਿਵ ਮਾਮਲਿਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਜਿੱਥੇ ਕਰੋਨਾ ਪੀੜਤ 12 ਜਣਿਆਂ ਦੀ ਮੌਤ ਹੋ ਗਈ, ਉੱਥੇ 950 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਅੱਜ 229 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਜਦਕਿ 2 ਮਰੀਜ਼ਾਂ ਦੀ ਮੌਤ ਹੋ ਗਈ। ਇਸ ਸਬੰਧੀ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 20304 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਅਤੇ 764 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕਰੋਨਾ ਦੇ 2052 ਕੇਸ ਐਕਟਿਵ ਹਨ ਅਤੇ 19096 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਕਰੋਨਾ ਮਰੀਜ਼ਾਂ ਲਈ ਅੱਗੇ ਆਈ ਪਿੰਗਲਵਾੜਾ ਸੰਸਥਾ
ਅੰਮ੍ਰਿਤਸਰ: ਕਰੋਨਾ ਦੇ ਵਧ ਰਹੇ ਪਸਾਰਾ ਦੌਰਾਨ ਪਿੰਗਲਵਾੜਾ ਸੰਸਥਾ ਵੀ ਕਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਈ ਹੈ। ਪਿੰਗਲਵਾੜਾ ਸੰਸਥਾ ਵੱਲੋਂ ਕਰੋਨਾ ਦੇ ਮਰੀਜ਼ਾਂ ਦਾ ਮੁੱਢਲੀ ਸਟੇਜ ਵਿੱਚ ਇਲਾਜ ਕਰਨ ਲਈ ਇੱਕ ਵਿਸ਼ੇਸ਼ ਵਾਰਡ ਸਥਾਪਤ ਕੀਤਾ ਜਾ ਰਿਹਾ ਹੈ, ਜੋ ਇੱਕ-ਦੋ ਦਿਨਾਂ ਵਿੱਚ ਸ਼ੁਰੂ ਕੀਤਾ ਜਾਵੇਗੀ। ਇਸ ਦਾ ਰਸਮੀ ਐਲਾਨ ਭਲਕੇ 7 ਮਈ ਨੂੰ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਵੱਲੋਂ ਕੀਤਾ ਜਾਵੇਗਾ। ਇਹ ਵਿਸ਼ੇਸ਼ ਵਾਰਡ ਸੂਰਜ ਚੰਦਾ ਤਾਰਾ ਸਿਨੇਮਾ ਦੇ ਨੇੜੇ ਭਾਈ ਪਿਆਰਾ ਸਿੰਘ ਵਾਰਡ ਵਿਚ ਸ਼ੁਰੂ ਕੀਤੀ ਜਾਵੇਗਾ। ਸੰਸਥਾ ਦੇ ਪ੍ਰਸ਼ਾਸਕ ਦਰਸ਼ਨ ਸਿੰਘ ਬਾਵਾ ਨੇ ਦੱਸਿਆ ਕਿ ਫਿਲਹਾਲ ਇਸ ਵਾਰਡ ਵਿੱਚ ਦਸ ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਕਰੋਨਾ ਦੇ ਮਰੀਜ਼ਾਂ ਦਾ ਮੁਢਲੇ ਪੜਾਅ ਵਿਚ ਇਲਾਜ ਕੀਤਾ ਜਾਵੇਗਾ। ਲੋੜ ਮੁਤਾਬਕ ਆਕਸੀਜਨ ਵੀ ਮੁਹੱਈਆ ਕੀਤੀ ਜਾਵੇਗੀ। ਸੰਸਥਾ ਦੀ ਮੁਖੀ ਡਾ ਇੰਦਰਜੀਤ ਕੌਰ, ਜੋ ਖੁਦ ਵੀ ਡਾਕਟਰ ਹਨ ਅਤੇ ਸੰਸਥਾ ਨਾਲ ਜੁੜੇ ਹੋਰ ਡਾਕਟਰ ਇਸ ਮਾਮਲੇ ਵਿੱਚ ਆਪਣੀਆਂ ਸੇਵਾਵਾਂ ਮੁਹਈਆ ਕਰਨਗੇ। ਹਾਲ ਹੀ ਵਿੱਚ ਪਿੰਗਲਵਾੜਾ ਨਾਲ ਜੁੜੇ ਇੱਕ ਵਾਲੰਟੀਅਰ, ਜੋ ਮੁੰਬਈ ਤੋਂ ਸੇਵਾ ਕਰਨ ਲਈ ਆਉਂਦੇ ਸਨ, ਦੀ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ ਹੈ। ਆਪਣੇ ਇੱਕ ਵਾਲੰਟੀਅਰ ਦੀ ਮੌਤ ਤੋਂ ਬਾਅਦ ਪਿੰਗਲਵਾੜਾ ਸੰਸਥਾ ਨੇ ਕਰੋਨਾ ਮਰੀਜ਼ਾਂ ਦੀ ਮਦਦ ਲਈ ਖ਼ੁਦ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ