
ਜਲੰਧਰ ਦੇ ਸੰਸਕ੍ਰਿਤੀ ਕੇਐੱਮਵੀ ਸਕੂਲ ਵਿੱਚ ਵਿਦਿਆਰਥਣ ਨੂੰ ਵੈਕਸੀਨ ਲਾਉਂਦੀ ਹੋਈ ਸਿਹਤ ਕਰਮਚਾਰੀ। -ਫੋਟੋ: ਸਰਬਜੀਤ ਸਿੰਘ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜਨਵਰੀ
ਇੱਥੇ ਅੱਜ ਸੱਤ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ 471 ਹੋਰ ਨਵੇਂ ਕਰੋਨਾ ਪਾਜੇਟਿਵ ਕੇਸ ਆਏ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਹੋਰ ਵਧ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਸੱਤ ਵਿਅਕਤੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਹ ਔਰਤ 48 ਵਰ੍ਹਿਆਂ ਦੀ ਸੀ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਨਹਿਰੂ ਕਲੋਨੀ ਮਜੀਠਾ ਰੋਡ ਦਾ 62 ਸਾਲਾ ਇੱਕ ਵਿਅਕਤੀ, ਪਿੰਡ ਛਾਪਾ ਰਾਮ ਸਿੰਘ ਦਾ 80 ਸਾਲਾਂ ਦਾ ਇਕ ਵਿਅਕਤੀ ਅਤੇ ਕੋਟ ਖਾਲਸਾ ਦਾ 32 ਸਾਲਾਂ ਦੇ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਇਹ ਸਾਰੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਇਨ੍ਹਾਂ ਤੋਂ ਇਲਾਵਾ ਗਰੀਨ ਐਵੇਨਿਊ ਦੇ ਇੱਕ 80 ਸਾਲਾ ਵਿਅਕਤੀ, ਬਟਾਲਾ ਰੋਡ ਸਥਿੱਤ 70 ਸਾਲਾਂ ਦੇ ਇੱਕ ਵਿਅਕਤੀ ਅਤੇ ਪਿੰਡ ਲੋਪੋਕੇ ਦੇ 60 ਸਾਲਾ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਇਹ ਸਾਰੇ ਨਿੱਜੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸਨ। ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1615 ਹੋ ਗਈ ਹੈ। ਇਸ ਦੌਰਾਨ ਅੱਜ 471 ਕਰੋਨਾ ਦੇ ਹੋਰ ਨਵੇਂ ਕੇਸ ਆ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਜ਼ੇਰੇ ਇਲਾਜ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4129 ਹੋ ਗਈ ਹੈ।ਇਸ ਦੌਰਾਨ 480 ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਹੋਰ ਆਏ ਕਰੋਨਾ ਮਰੀਜ਼ਾਂ ਵਿਚ 423 ਨਵੇਂ ਕਰੋਨਾ ਮਰੀਜ਼ ਅਤੇ 48 ਵਿਅਕਤੀਆਂ ਨੂੰ ਕਰੋਨਾ ਮਰੀਜ਼ਾਂ ਤੋਂ ਇਸ ਦੀ ਲਾਗ ਲੱਗੀ ਹੈ।
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਅੱਜ ਕਰੋਨਾ ਨਾਲ ਪੰਜ ਮੌਤਾਂ ਹੋ ਗਈਆਂ ਅਤੇ 779 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸ਼ਹਿਰ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਨਾਲ ਸਿਹਤ ਵਿਭਾਗ ਭਾਵੇਂ ਚੌਕਸ ਜ਼ਰੂਰ ਹੋ ਗਿਆ ਹੈ ਪਰ ਇਸ ਦੇ ਕੰਟਰੋਲ ਵਾਸਤੇ ਮਜ਼ਬੂਤੀ ਨਾਲ ਫੈਸਲੇ ਨਹੀਂ ਕੀਤੇ ਜਾ ਰਹੇ। ਸ਼ਹਿਰ ਵਿੱਚ ਚੱਲ ਰਹੀਆਂ ਚੋਣ ਸਰਗਰਮੀਆਂ ਕਾਰਨ ਸਮਾਜਿਕ ਦੂਰੀ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਅਤੇ ਨਾ ਹੀ ਮਾਸਕ ਪਾਉਣ ਨੂੰ ਜ਼ਰੂਰੀ ਸਮਝਿਆ ਜਾ ਰਿਹਾ ਹੈ। ਚੋਣ ਸਰਗਰਮੀਆਂ ਦੌਰਾਨ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਲੋਕਾਂ ਦੇ ਘਰ-ਘਰ ਜਾ ਰਹੇ ਹਨ ਤੇ ਇਕ-ਦੂਜੇ ਨਾਲ ਬਿਨਾਂ ਝਿਜਕ ਹੱਥ ਮਿਲਾਉਣ ਤੇ ਜੱਫੀਆਂ ਪਾਉਣ ਤੋਂ ਪ੍ਰਹੇਜ਼ ਨਹੀਂ ਕੀਤਾ ਜਾ ਰਿਹਾ। ਇਸ ਨੂੰ ਵੀ ਕਰੋਨਾ ਫੈਲਣ ਦੇ ਇੱਕ ਕਾਰਨ ਵਜੋਂ ਦੇਖਿਆ ਜਾਣ ਲੱਗ ਪਿਆ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਕਰੋਨਾ ਨਾਲ 1518 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤ ਮਰੀਜ਼ਾਂ ਦਾ ਅੰਕੜਾ 71124 ਤੱਕ ਜਾ ਪੁੱਜਾ ਹੈ।
ਹੁਸ਼ਿਆਰਪੁਰ ’ਚ ਕਰੋਨਾ ਦੇ 643 ਕੇਸਾਂ ਦੀ ਪੁਸ਼ਟੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਕੋਵਿਡ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਕੋਵਿਡ ਦੇ 643 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਜਦੋਂਕਿ ਇੱਕ ਮਰੀਜ਼ ਦੀ ਮੌਤ ਹੋ ਗਈ। ਮਰਨ ਵਾਲਾ ਮਰੀਜ਼ 80 ਸਾਲਾ ਬਜ਼ੁਰਗ ਬਲਾਕ ਬੁੱਢਾਵੜ ਨਾਲ ਸਬੰਧਤ ਸੀ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ਵਿੱਚ ਹੁਣ ਤੱਕ 35244 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1013 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਚਨਾ ਮੁਤਾਬਿਕ ਜ਼ਿਲ੍ਹੇ ’ਚ ਇਸ ਵੇਲੇ 2448 ਕਰੋਨਾ ਦੇ ਮਰੀਜ਼ ਐਕਟਿਵ ਹਨ ਜਦੋਂਕਿ 31783 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ