ਪਾਲ ਸਿੰਘ ਨੌਲੀ
ਜਲੰਧਰ, 19 ਮਈ
ਇੱਥੇ ਬਸਤੀ ਦਾਨਿਸ਼ਮੰਦਾਂ ਦੇ ਲਸੂੜੀ ਮੁਹੱਲੇ ਵਿਚ ਨਵੇਂ ਬਣਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਹਲਕਾ ਵਿਧਾਇਕ ਸੁਸ਼ੀਲ ਰਿੰਕੂ, ਕਮਲੇਸ਼ ਦੇਵਾ ਅਤੇ ਕਾਂਤਾ ਬਾਬਾ ਨੇ ਰੱਖਿਆ। ਇਸ ਨਵੇਂ ਬਣਨ ਵਾਲੇ ਸਕੂਲ ’ਤੇ 479.65 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਕੀਤੇ ਗਏ ਸਮਾਗਮ ਵਿਚ ਕਰੋਨਾ ਦੀ ਲਾਗ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀਆਂ ਕਾਂਗਰਸੀਆਂ ਨੇ ਧੱਜੀਆਂ ਉਡਾਈਆਂ। ਇਸ ਦੌਰਾਨ ਕਿਸੇ ਨੇ ਵੀ ਸਮਾਜਿਕ ਦੂਰੀ ਨਹੀਂ ਬਣਾਈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 10 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਹੋ ਸਕਦਾ ਪਰ ਇਸ ਸਮਾਗਮ ਵਿਚ 50 ਤੋਂ ਵੱਧ ਲੋਕ ਸ਼ਾਮਲ ਸਨ। ਉਨ੍ਹਾਂ ਨੇ ਜਿੱਥੇ ਉਦਘਾਟਨ ਕਰਨ ਵਾਲੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ, ਉੱਥੇ ਕੁਝ ਔਰਤਾਂ ਹਾਰ ਵੀ ਲੈ ਕੇ ਖੜ੍ਹੀਆਂ ਸਨ। ਸਮਾਗਮ ਵਿਚ ਕਾਂਗਰਸੀ ਆਗੂਆਂ ਤੋਂ ਇਲਾਵਾ ਸਰਕਾਰੀ ਅਫ਼ਸਰ ਵੀ ਹਾਜ਼ਰ ਸਨ।
ਇਸ ਸਬੰਧੀ ਪੱਖ ਜਾਣਨ ਲਈ ਵਿਧਾਇਕ ਸੁਸ਼ੀਲ ਰਿੰਕੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ।