ਪਾਲ ਸਿੰਘ ਨੌਲੀ
ਜਲੰਧਰ, 23 ਫਰਵਰੀ
ਵੋਟਾਂ ਪੈਣ ਤੋਂ ਬਾਅਦ ਕਾਂਗਰਸ ਪਾਰਟੀ ਬਾਗ਼ੀਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਨ ’ਚ ਰੁੱਝ ਗਈ ਹੈ। ਕਾਂਗਰਸ ਹਾਈ ਕਮਾਨ ਵੱਲੋਂ ਜਲੰਧਰ ’ਚ ਤਾਇਨਾਤ ਕੀਤੇ ਅਬਜ਼ਰਵਰਾਂ ਦੀ ਰਿਪੋਰਟ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਇਨ੍ਹਾਂ ਅਬਜ਼ਰਵਰਾਂ ਨੇ ਟਿਕਟਾਂ ਦੀ ਦਾਅਵੇਦਾਰੀ ਅਤੇ ਚੋਣ ਮੁਹਿੰਮ ਦੌਰਾਨ ਕਾਂਗਰਸੀ ਆਗੂਆਂ ਦੀਆਂ ਸਰਗਰਮੀਆਂ ’ਤੇ ਤਿੱਖੀਆਂ ਨਜ਼ਰਾਂ ਰੱਖੀਆਂ ਸਨ। ਅਬਜ਼ਰਵਰਾਂ ਵੱਲੋਂ ਤਿਆਰ ਕੀਤੀ ਰਿਪੋਰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਭੇਜ ਦਿੱਤੀ ਗਈ ਹੈ।
ਜਿਹੜੇ ਕਾਂਗਰਸੀ ਆਗੂਆਂ ਵਿਰੁੱਧ ਰਿਪੋਰਟ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿਚ ਕਈ ਕਾਂਗਰਸੀ ਕੌਂਸਲਰ ਤੇ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤ ਆਗੂ ਸ਼ਾਮਲ ਹਨ। ਸੂਤਰਾਂ ਅਨੁਸਾਰ ਇਨ੍ਹਾਂ ਅਬਜ਼ਰਵਰਾਂ ਵੱਲੋਂ ਜਿਹੜੀ ਰਿਪੋਰਟ ਹਾਈਕਮਾਨ ਨੂੰ ਭੇਜੀ ਗਈ ਹੈ ਉਸ ਵਿਚ ਪਾਰਟੀ ਅੰਦਰ ਰਹਿੰਦਿਆਂ ਹੋਇਆਂ ਉਮੀਦਵਾਰਾਂ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ।
ਜ਼ਿਲ੍ਹਾ ਪੱਧਰ ਦੇ ਕਾਂਗਰਸੀ ਆਗੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਘਰ ਦੇ ਭੇਤੀਆਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਭੇਜੇ ਜਾ ਰਹੇ ਹਨ। ਹਾਈ ਕਮਾਨ ਵੱਲੋਂ ਭੇਜੇ ਅਬਜ਼ਰਵਰਾਂ ਨੇ ਸਾਰੀ ਰਿਪੋਰਟ ਆਪਣੇ ਤੌਰ ’ਤੇ ਤਿਆਰ ਕੀਤੀ ਹੈ। ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਬਿਨਾਂ ਕਿਸੇ ਪੱਖਪਾਤ ਦੇ ਉਨ੍ਹਾਂ ਨੂੰ ਆਗੂਆਂ ਦੇ ਨਾਂ ਰਿਪੋਰਟ ਵਿਚ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੇ ਉਮੀਦਵਾਰਾਂ ਦੇ ਨਾਲ-ਨਾਲ ਰਹਿੰਦਿਆਂ ਹੋਇਆਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡੀ।
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤਾਂ ਮਿਲਣ ’ਤੇ ਚਾਰ ਕਾਂਗਰਸੀ ਆਗੂਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਸੀ। ਅਬਜ਼ਰਵਰਾਂ ਨੇ ਹਾਈ ਕਮਾਨ ਨੂੰ ਜਿਹੜੀ ਰਿਪੋਰਟ ਭੇਜੀ ਗਈ ਹੈ ਉਸ ਵਿਚ ਜਲੰਧਰ ਛਾਉਣੀ, ਕੇਂਦਰੀ ਤੇ ਪੱਛਮੀ ਹਲਕਿਆਂ ਵਿਚ ਘਰ ਦੇ ਭੇਤੀਆਂ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਦੱਸਿਆ ਜਾ ਰਿਹਾ ਹੈ।