ਜਲੰਧਰ: ਬਸਪਾ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿੱਚ ਮਿਸ਼ਨਰੀ ਗਾਇਕਾਂ ਅਤੇ ਗੀਤਕਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਮਸਲਾ ਲਟਕਾ ਕੇ ਅਤੇ ਉਨ੍ਹਾਂ ਉਪਰ ਝੂਠੇ ਦੋਸ਼ ਲਗਾ ਕੇ ਸੰਵਿਧਾਨ, ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਗੱਲਬਾਤ ਦਾ ਸਿਲਸਿਲਾ ਟੁੱਟਣਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਸ ਸਬੰਧੀ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗਣ ਦਾ ਕਾਰਨ ਮੋਦੀ ਸਰਕਾਰ ਦਾ ਹੰਕਾਰੀ ਰਵੱਈਆ ਅਤੇ ਕਾਰਪੋਰੇਟ ਸੈਕਟਰ ਦਾ ਪੱਖ ਪੂਰਨਾ ਹੈ। ਇਸ ਮੌਕੇ ਮੁੱਖ ਪ੍ਰਬੰਧਕ ਅਤੇ ਸਟੇਜ ਚਲਾ ਰਹੇ ਗਾਇਕ ਰੂਪ ਲਾਲ ਧੀਰ ਤੋਂ ਇਲਾਵਾ ਲੇਖਕ ਸਤਪਾਲ ਸਾਹਲੋਂ, ਗੀਤਕਾਰ ਰੱਤੂ ਰੰਧਾਵਾ, ਹਰਨਾਮ ਸਿੰਘ ਬਹਿਲਪੁਰੀ, ਬਲਵਿੰਦਰ ਬਿੱਟੂ, ਪ੍ਰੇਮ ਲਤਾ ਤੇ ਹੋਰ ਗਾਇਕ ਅਤੇ ਗੀਤਕਾਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ