ਦੀਪਕਮਲ ਕੌਰ
ਜਲੰਧਰ, 22 ਸਤੰਬਰ
‘ਆਪ’ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (ਸੁਰੱਖਿਆ ਅਤੇ ਸੰਚਾਲਨ) ਨਰੇਸ਼ ਡੋਗਰਾ ਵਿਚਾਲੇ ਬੁੱਧਵਾਰ ਨੂੰ ਇੱਥੋਂ ਦੇ ਸ਼ਾਸਤਰੀ ਨਗਰ ਮਾਰਕੀਟ ਦੇ ਦੋ ਦੁਕਾਨਦਾਰਾਂ ਵਿਚਾਲੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਤਲਖ਼ੀ ਹੋਈ। ਪੁਲੀਸ ਅਧਿਕਾਰੀ ਨੇ ਕੱਪੜਾ ਵਪਾਰੀ ਦਾ ਪੱਖ ਲਿਆ ਜਦਕਿ ਵਿਧਾਇਕ ਟਾਇਰਾਂ ਦੀ ਦੁਕਾਨ ਦੇ ਮਾਲਕ ਦੇ ਪੱਖ ਵਿਚ ਨਿੱਤਰੇ। ਬਾਅਦ ਵਿੱਚ ਦੋਵਾਂ ਧਿਰਾਂ ਨੇ ਸਮਝੌਤਾ ਕਰਨ ਲਈ ਸ਼ਹਿਰ ਦੇ ਇੱਕ ਮੀਡੀਆ ਹਾਊਸ ਵਿੱਚ ਮੁਲਾਕਾਤ ਕੀਤੀ ਪਰ ਉਦੋਂ ਹਾਲਾਤ ਹੋਰ ਵਿਗੜ ਗਏ ਜਦੋਂ ਦੋਵਾਂ ਧਿਰਾਂ ਵੱਲੋਂ ਗਾਲੀ-ਗਲੋਚ ਕਰਨ ਦੀਆਂ ਖਬਰਾਂ ਆਈਆਂ। ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਅੱਜ ਵੀ ਬਹਿਸ ਹੁੰਦੀ ਰਹੀ। ਬਾਅਦ ਵਿੱਚ ਆਪ ਸਮਰਥਕਾਂ ਦੇ ਜ਼ੋਰ ਪਾਉਣ ’ਤੇ ਡੀਸੀਪੀ ਵਿਰੁੱਧ ਆਈਪੀਸੀ ਦੀ ਧਾਰਾ 307 ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਘਟਨਾ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੀ ਕਈ ਟਵੀਟ ਕੀਤੇ।