ਜਲੰਧਰ(ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਕੋਵਿਡ-19 ਨਾਲ ਸਬੰਧਤ ਇਲਾਜ ਵਿੱਚ ਕੁਤਾਹੀ ਅਤੇ ਮੁਨਾਫਾਖੋਰੀ ਖਿਲਾਫ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਂਦਿਆਂ ਇਕ ਪੱਤਰਕਾਰ ਵੱਲੋਂ ਕੀਤੇ ਸਟਿੰਗ ਤੋਂ ਬਾਅਦ ਆਰਟੀਪੀਸੀਆਰ ਟੈਸਟ ਲਈ ਵੱਧ ਪੈਸੇ ਵਸੂਲ ਕਰਨ ’ਤੇ ਲੈਬ ਮਾਲਕ ਖਿਲਾਫ ਇਕ ਹੋਰ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨਿਊਜ਼ ਵੈੱਬਸਾਈਟ ‘ਟਰੂ ਸਕੂਪ’ ਦੀ ਪੱਤਰਕਾਰ ਅਵਨੀਤ ਕੌਰ ਅਤੇ ਪਰੀਨਾ ਖੰਨਾ ਤੋਂ ਪ੍ਰਾਪਤ ਸ਼ਿਕਾਇਤ ਅਨੁਸਾਰ ਸ੍ਰੀ ਸਾਈ ਲੈਬ ਸੀ/ਓ ਮੈਟਰੋਪੋਲਿਸ ਲੈਬ ਤੋਂ ਅਭਿਸ਼ੇਕ ਵੱਲੋਂ ਆਰਟੀਪੀਸੀਆਰ ਟੈਸਟ ਲਈ 1500 ਰੁਪਏ ਦੀ ਮੰਗ ਕੀਤੀ ਗਈ ਜਦਕਿ ਰਾਜ ਸਰਕਾਰ ਵੱਲੋਂ ਇਸ ਟੈਸਟ ਲਈ 450 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਪੁਲੀਸ ਅਥਾਰਟੀ ਨੂੰ ਇੰਡੀਅਨ ਪੀਨਲ ਕੋਡ, ਐਪੀਡੈਮਿਕ ਡਿਸੀਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ।