
ਸਰਪੰਚ ਮਨਪ੍ਰੀਤ ਸਿੰਘ ਦੇ ਘਰ ਦਾ ਬਾਹਰੀ ਦ੍ਰਿਸ਼।
ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਮਾਰਚ
ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਪਿੰਡ ਉਦੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ 18 ਮਾਰਚ ਨੂੰ 11 ਵਜੇ ਦੇ ਕਰੀਬ ਅੰਮ੍ਰਿਤਪਾਲ ਸਿੰਘ ਦਾ ਚਾਚਾ ਤੇ ਉਸ ਦੇ ਡਰਾਈਵਰ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਤੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਗਏ ਤੇ ਬੰਦੂਕ ਦੇ ਜ਼ੋਰ ’ਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਇਸ ਦੇ ਨਤੀਜੇ ਭੁਗਤਣ ਪੈਣਗੇ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਵੀ ਘਰ ਵਿੱਚ ਰਹਿੰਦਾ ਹੈ। ਅੰਮ੍ਰਿਤਪਾਲ ਸਿੰਘ ਦਾ ਡਰਾਈਵਰ ਤੇ ਉਸ ਦਾ ਚਾਚਾ ਉਨ੍ਹਾਂ ਦੇ ਘਰ 34 ਘੰਟੇ ਰਹੇ। ਉਹ 19 ਮਾਰਚ ਨੂੰ 11 ਵਜੇ ਦੇ ਕਰੀਬ ਚਲੇ ਗਏ ਸਨ। ਉਹ ਸਾਰਾ ਦਿਨ ਆਪਣੇ ਬਾਰੇ ਟੀਵੀ ਚੈਨਲਾਂ ’ਤੇ ਚੱਲਦੀਆਂ ਖ਼ਬਰਾਂ ਦੇਖਦੇ ਰਹੇ। ਉਹ ਇੱਥੇ ਬਰੀਜ਼ਾ ਗੱਡੀ ਵਿੱਚ ਆਏ ਸਨ, ਜਿਹੜੀ ਕਿ ਪੁਲੀਸ ਨੇ ਬਰਾਮਦ ਕਰ ਲਈ ਹੈ। ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਘਰ ਆਏ ਇਨ੍ਹਾਂ ਬਿਨ ਬੁਲਾਏ ਪ੍ਰਾਹੁਣਿਆਂ ਨੂੰ ਖਾਣਾ ਵੀ ਖੁਆਇਆ ਸੀ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਚਾਚਾ ਤੇ ਡਰਾਈਵਰ ਆਏ ਸਨ, ਉਸ ਵੇਲੇ ਉਨ੍ਹਾਂ ਦੇ ਫਰਾਰ ਹੋਣ ਦੀਆਂ ਖ਼ਬਰਾਂ ਨਹੀਂ ਸਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਚਾਚਾ ਤੇ ਡਰਾਈਵਰ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰਾਰ ਹੋਣ ਸਮੇਂ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬੀਆਂ ਗੁਰਦੁਆਰਾ ਦੇ ਭਾਈ ਦੇ ਘਰੋਂ ਕੱਪੜੇ ਲਏ ਸਨ।
ਸ਼ਾਹਕੋਟ ਥਾਣੇ ’ਚ ਅੰਮ੍ਰਿਤਪਾਲ ਸਿੰਘ ਅਤੇ ਚਾਰ ਹੋਰਾਂ ਖ਼ਿਲਾਫ਼ ਕੇਸ
ਸ਼ਾਹਕੋਟ (ਪੱਤਰ ਪ੍ਰੇਰਕ): ਇਥੋਂ ਦੇ ਥਾਣੇ ਵਿਚ ਪੁਲੀਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਚਾਰ ਅਣਪਛਾਤੇ ਸਾਥੀਆਂ ’ਤੇ ਕੇਸ ਦਰਜ ਕੀਤਾ ਹੈ। ਇਹ ਕੇਸ ਪਿੰਡ ਨੰਗਲ ਅੰਬੀਆਂ ਖੁਰਦ ਦੇ ਗੁਰਦੁਆਰੇ ਦੇ ਗ੍ਰੰਥੀ ਦੇ ਬਿਆਨਾਂ ਉੱਪਰ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਗ੍ਰੰਥੀ ਰਣਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨੰਗਲ ਅੰਬੀਆਂ ਖੁਰਦ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਗੁਰਦੁਆਰਾ ਸਿੰਘ ਸਭਾ ਨੰਗਲ ਅੰਬੀਆਂ ਖੁਰਦ ਵਿਚ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਦੁਪਹਿਰ ਵੇਲੇ ਇਕ ਬਰੀਜ਼ਾ ਕਾਰ ਨੰਬਰ ਪੀ ਬੀ 02 ਈ.ਈ 3343 ਉਨ੍ਹਾਂ ਦੇ ਗੁਰਦੁਆਰੇ ਕੋਲ ਆ ਕੇ ਰੁਕੀ। ਇਸ ਦੌਰਾਨ ਕਾਰ ਵਿਚੋਂ ਅੰਮ੍ਰਿਤਪਾਲ ਸਿੰਘ ਤੇ ਚਾਰ ਹੋਰ ਚੋਲੇ ਪਾਏ ਹੋਏ ਨੌਜਵਾਨ ਉਤਰੇ। ਉਸ ਸਮੇਂ ਉਨ੍ਹਾਂ ਦਾ ਲੜਕਾ ਜਤਿੰਦਰ ਸਿੰਘ ਉੱਥੇ ਘਰੇਲੂ ਕੰਮ ਕਰ ਰਿਹਾ ਸੀ। ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਕੋਲੋ ਉਨ੍ਹਾਂ ਦੇ ਪੁੱਤਰ ਦੇ ਕੱਪੜੇ ਮੰਗੇ। ਕੱਪੜੇ ਦੇਣ ਤੋਂ ਮਨ੍ਹਾਂ ਕਰਨ ’ਤੇ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ’ਤੇ ਪਿਸਤੌਲ ਤਾਣ ਦਿੱਤਾ। ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਹਥਿਆਰਾਂ ਦੇ ਜ਼ੋਰ ਨਾਲ ਉਨ੍ਹਾਂ ਦੇ ਪੁੱਤਰ ਦੇ ਕੱਪੜੇ ਲੈ ਲਏ। ਇਸ ਤੋਂ ਬਾਅਦ ਉਨ੍ਹਾਂ ਚੋਲੇ ਉਤਾਰ ਕੇ ਉਨ੍ਹਾਂ ਦੇ ਪੁੱਤਰ ਦੇ ਕੱਪੜੇ ਪਾ ਲਏ। ਇਸੇ ਦੌਰਾਨ ਦੋ ਮੋਟਰਸਾਈਕਲਾਂ ਉੱਪਰ ਚਾਰ ਨੌਜਵਾਨ ਉੱਥੇ ਆਏ। ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਫਰਾਰ ਹੋ ਗਏ। ਮੋਟਰਸਾਈਕਲਾਂ ਉੱਪਰ ਆਏ ਚਾਰ ਨੌਜਵਾਨ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲੀਸ ਨੇ ਧਾਰਾ 386, 506, 148, 149, 25, 27 ਤਹਿਤ ਕੇਸ ਦਰਜ ਕਰ ਲਿਆ ਹੈ। ਐਸਐਚਓ ਗੁਰਜਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਪਿੰਡ ਭੁੱਲਰ ਤੋਂ ਉਨ੍ਹਾਂ ਨੇ ਬਰੀਜ਼ਾ ਕਾਰ ਬਰਾਮਦ ਕਰ ਲਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ