ਪਾਲ ਸਿੰਘ ਨੌਲੀ
ਜਲੰਧਰ, 1 ਜੂਨ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਪੰਜਾਬ ਦੇ ਬੇਜ਼ਮੀਨੇ/ ਸਾਧਨਹੀਣ ਪੇਂਡੂ ਮਜ਼ਦੂਰਾਂ ਨੂੰ ਦਰਪੇਸ਼ ਆਰਥਿਕ-ਸਮਾਜਿਕ ਸਮੱਸਿਆਵਾਂ, ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਰਤੀ ਮਾਰੂ-ਧਨਾਢ ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਮਜ਼ਦੂਰਾਂ ਦੇ ਹਿੱਤਾਂ ਨੂੰ ਗੰਭੀਰ ਸੱਟ ਮਾਰਨ ਵਾਲੇ ਵਿਵੇਕਹੀਣ ਫ਼ੈਸਲਿਆਂ ਦੀ ਵਿਆਖਿਆ ਕਰਦਿਆਂ ਕਿਰਤੀ ਹੱਕਾਂ ਦੀ ਰਾਖੀ ਲਈ ਭਵਿੱਖ ’ਚ ਲੜੇ ਜਾਣ ਵਾਲੇ ਆਜ਼ਾਦਾਨਾ ਅਤੇ ਸਾਂਝੇ ਸੰਘਰਸ਼ਾਂ ਦਾ ਖਾਕਾ ਪੇਸ਼ ਕੀਤਾ।
ਮੀਟਿੰਗ ’ਚ ਇਸ ਗੱਲ ਦੁੱਖ ਪ੍ਰਗਟਾਇਆ ਗਿਆ ਕਿ ਸੂਬਾ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਹਿੱਤ ਨਗਦ ਇਮਦਾਦ ਦੇਣ ਦਾ ਐਲਾਨ ਕਰਦਿਆਂ ਇਸ ਦੇ ਨਤੀਜੇ ਵਜੋਂ ਪੇਂਡੂ ਕਿਰਤੀਆਂ ਦੀ ਹੋਣ ਜਾ ਰਹੀ ਮੰਦੀ ਹਾਲਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ।
ਸੂਬਾ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਕਿਰਤੀਆਂ ਦੀਆਂ ਬੁਨਿਆਦੀ ਤੇ ਫੌਰੀ ਮੰਗਾਂ ਦੀ ਪ੍ਰਾਪਤੀ ਲਈ 7 ਤੇ 8 ਜੂਨ ਨੂੰ ਧਰਨੇ ਦੇ ਕੇ ਪੰਜਾਬ ਦੇ ਸਾਰੇ ਐੱਸਡੀਐੱਮਜ਼ ਰਾਹੀਂ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜੇ ਜਾਣਗੇ ਅਤੇ 8, 9 ਤੇ 10 ਜੁਲਾਈ ਨੂੰ ਸਕੂਟਰ-ਮੋਟਰਸਾਈਕਲ ਮਾਰਚ ਕਰ ਕੇ ਵਿਧਾਇਕਾਂ ਨੂੰ ਪੇਂਡੂ ਕਿਰਤੀਆਂ ਦੀ ਦੁਰਦਸ਼ਾ ਖਤਮ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।
ਮੀਟਿੰਗ ਦੇ ਸ਼ੁਰੂ ਵਿੱਚ ਦਿੱਲੀ ਦੇ ਮੁੰਡਕਾ ਇਲਾਕੇ ਦੀ ਇੱਕ ਫੈਕਟਰੀ ਵਿੱਚ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਨਾਲ ਝੁਲਸੇ ਕਿਰਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।