ਪਾਲ ਸਿੰਘ ਨੌਲੀ
ਜਲੰਧਰ,9 ਮਾਰਚ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਾਂਧੀ ਵਨਿਤਾ ਆਸ਼ਰਮ ਵਿੱਚੋਂ ਜਿਹੜੀਆਂ 46 ਲੜਕੀਆਂ ਭੱਜੀਆਂ ਸਨ, ਉਹ ਸਾਰੀਆਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਲੜਕੀਆਂ ਸ਼ਾਮ ਨੂੰ ਆਸ਼ਰਮ ਵਿੱਚੋਂ ਭੱਜ ਗਈਆਂ ਸਨ। ਕਮਿਸ਼ਨਰੇਟ ਪੁਲੀਸ ਨੇ ਉਦੋਂ ਹੀ ਸਾਰੇ ਥਾਣਿਆਂ ਨੂੰ ਪੀਸੀਆਰ ਦੀਆਂ ਟੀਮਾਂ ਨੂੰ ਲਗਾ ਦਿੱਤਾ ਸੀ। 42 ਲੜਕੀਆਂ ਸ਼ਹਿਰ ਵਿੱਚੋਂ ਹੀ ਬਰਾਮਦ ਕੀਤੀਆਂ ਸਨ ਤੇ ਚਾਰ ਨੂੰ ਚਹੇੜੂ ਰੇਲਵੇ ਸ਼ਟੇਸ਼ਨ ਤੋਂ ਬਰਾਮਦ ਕੀਤਾ ਗਿਆ। ਆਸ਼ਰਮ ਵਿੱਚ ਕੁਲ 85 ਲੜਕੀਆਂ ਹਨ। ਜ਼ਿਕਰਯੋਗ ਹੈ ਕਿ ਅਦਾਲਤਾਂ ਵੱਲੋਂ ਕਿਸੇ ਨਾ ਕਿਸੇ ਝਗੜੇ ਕਾਰਨ ਲੜਕੀਆਂ ਨੂੰ ਇਸ ਆਸ਼ਰਮ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੁੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੜਕੀਆਂ ਨੂੰ ਵਾਪਸ ਗਾਂਧੀ ਵਨਿਤਾ ਆਸ਼ਰਮ ਵਿੱਚ ਲਿਆਂਦਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਦਾ ਵੀ ਭਰੋਸਾ ਦਿਵਾਇਆ।