ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 24 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਦੇਵੀਦਾਸਪੁਰਾ ਵਿਚ ਰੇਲ ਰੋਕੋ ਅੰਦੋਲਨ ਅੱਜ 31ਵੇਂ ਦਿਨ ਵੀ ਜਾਰੀ ਰਿਹਾ। ਇਥੇ ਅੰਮ੍ਰਿਤਸਰ ਰੇਲ ਪਟੜੀ ’ਤੇ ਬੈਠੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਆਖਿਆ ਕਿ ਮੋਦੀ ਸਰਕਾਰ ਹਰ ਰੋਜ਼ ਯੋਜਨਾਬੱਧ ਤਰੀਕੇ ਨਾਲ ਕੋਈ ਨਾ ਕੋਈ ਬਿਆਨ ਦੇ ਕੇ ਕਿਸਾਨ ਅੰਦੋਲਨ ਦਾ ਸਿਆਸੀਕਰਨ ਕਰਨ ਅਤੇ ਦੇਸ਼ ਦੇ ਪ੍ਰਚਾਰ ਮਾਧਿਅਮ ਦਾ ਧਿਆਨ ਸੰਘਰਸ਼ ਤੋਂ ਪਾਸੇ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦੇ ਕਿਸਾਨ ਵਿਰੋਧੀ ਬਿਆਨਾਂ ਦੇ ਬਾਵਜੂਦ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਪ੍ਰਧਾਨ ਮੰਤਰੀ ਦਾ ਬਿਹਾਰ ਚੋਣਾਂ ਵਿੱਚ ਬਿਆਨ ਦੇਣਾ ਸੰਕੇਤ ਹੈ ਕਿ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਹੌਲੀ-ਹੌਲੀ ਸਫ਼ਲਤਾ ਵੱਲ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ 25 ਅਕਤੂਬਰ ਤੋਂ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਅੰਬਾਨੀ ਅਤੇ ਅਡਾਨੀ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨੀ ਦੇਰ ਤੱਕ ਉਹ ਇਸੇ ਤਰ੍ਹਾਂ ਡਟੇ ਰਹਿਣਗੇ। ਇਸ ਮੌਕੇ ਅਮਰਦੀਪ ਸਿੰਘ ਗੋਪੀ, ਚਰਨ ਸਿੰਘ, ਚਰਨਜੀਤ ਸਿੰਘ, ਮੁਖਬੈਨ ਸਿੰਘ, ਸਵਿੰਦਰ ਸਿੰਘ, ਝਿਰਮਲ ਸਿੰਘ, ਟੇਕ ਸਿੰਘ, ਕਰਮ ਸਿੰਘ ਨੇ ਸੰਬੋਧਨ ਕੀਤਾ।