ਮਹਾਂਵੀਰ ਮਿੱਤਲ
ਜੀਂਦ, 18 ਦਸੰਬਰ
ਭਰਤੀਆਂ ਵਿੱਚ ਹੋਏ ਘਪਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਸੜਕਾਂ ’ਤੇ ਉੱਤਰ ਕੇ ਅੱਜ ਰੋਸ ਵਿਖਾਵਾ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਪੱਤਰ ਵੀ ਸੌਂਪਿਆ। ਨੌਜਵਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਸਰਕਾਰੀ ਨੌਕਰੀਆਂ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਅਜੇ ਹੋਰ ਸੁਧਾਰ ਹੋਣਾ ਬਾਕੀ ਹੈ। ਹਰ ਵਾਰ ਨੌਕਰੀਆਂ ਦੀ ਭਰਤੀ ਵਿੱਚ ਗੜਬੜੀ ਦੇ ਚਰਚੇ ਵੱਖ-ਵੱਖ ਪੱਧਰ ’ਤੇ ਹੋ ਰਹੇ ਹਨ ਜਿਸ ਕਾਰਨ ਸਰਕਾਰ ਦੀ ਬਗੈਰ ਖਰਚਾ-ਪਰਚੀ ਵਾਲੀ ਛਵੀ ’ਤੇ ਸੁਆਲੀਆ ਨਿਸ਼ਾਨ ਉੱਠਣ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਐੱਚਸੀਐੱਸ ਅਧਿਕਾਰੀ ਰਿਸ਼ਵਤ ਦੇ ਪੈਸਿਆਂ ਨਾਲ ਫੜਿਆ ਗਿਆ। ਉਸ ਨੇ ਕਈ ਖੁਲਾਸੇ ਕੀਤੇ, ਪਰ ਦਬਾ ਦਿੱਤੇ ਗਏ। ਸੋਨੀਪਤ ਤੋਂ ਫੜੇ ਗਏ ਮੁਲਜ਼ਮ ਨੇ ਵੀ ਗਲਤ ਤਰੀਕੇ ਤੋਂ ਨੌਕਰੀ ਲਗਵਾਉਣ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੇਪਰ ਲੀਕ ਅਤੇ ਰੱਦ ਦੇ ਮਾਮਲੇ ’ਤੇ ਵਿਧਾਨ ਸਭਾ ਵਿੱਚ ਸਖ਼ਤ ਕਾਨੂੰਨ ਪਾਸ ਕੀਤਾ ਗਿਆ, ਉਸੇ ਤਰ੍ਹਾਂ ਇਨ੍ਹਾਂ ਮਾਮਲਿਆਂ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਨੌਜਵਾਨਾਂ ਨੇ ਕਿਹਾ ਕਿ ਜਿਹੜੀਆਂ ਨੌਕਰੀਆਂ ਲਈ ਗਲਤ ਢੰਗ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ’ਤੇ ਪ੍ਰੀਖਿਆ ਤੇ ਭਰਤੀ ਦੁਬਾਰਾ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਪ੍ਰੀਖਿਆਵਾਂ ਵਿੱਚ ਗੜਬੜੀ ਕਰਵਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।