ਪੱਤਰ ਪ੍ਰੇਰਕ
ਰਤੀਆ, 2 ਅਗਸਤ
ਇੱਥੇ ਨੌਜਵਾਨਾਂ ਨੇ ਨੌਜਵਾਨ ਸੰਘਰਸ਼ ਮੋਰਚਾ ਰਤੀਆ ਦੇ ਬੈਨਰ ਹੇਠ ਗਰਾਊਂਡ ਦੀ ਮੰਗ ਸਬੰਧੀ ਇਕੱਠ ਕਰਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਸੰਘਰਸ਼ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਹਲਕਾ ਵਿਧਾਇਕ ਲਛਮਣ ਨਾਪਾ ਦੇ ਦਫ਼ਤਰ ਦੇ ਗੇਟ ’ਤੇ ਧਰਨਾ ਦਿੱਤਾ ਗਿਆ ਸੀ ਅਤੇ ਧਰਨੇ ਵਿਚ ਆ ਕੇ ਵਿਧਾਇਕ ਨੇ ਵਿਸ਼ਵਾਸ ਦਿੱਤਾ ਸੀ ਕਿ ਜਲਦੀ ਹੀ ਉਨ੍ਹਾਂ ਲਈ ਗਰਾਊਂਡ ਤਿਆਰ ਕਰ ਦਿੱਤਾ ਜਾਵੇਗਾ ਪਰ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਵੀ ਮੰਗ ਅਧੂਰੀ ਲਟਕ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਦਿਨ ਤਿੰਨ ਵਾਰ ਵਿਧਾਇਕ ਨੂੰ ਮਿਲੇ ਚੁੱਕੇ ਹਨ, ਪਰ ਪਰਨਾਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਭਰੋਸਾ ਦੇ ਦਿੰਦੇ ਹਨ ਅਤੇ ਮੰਗਾਂ ਪੂਰੀਆਂ ਨਹੀਂ ਕਰਦੇ। ਇਸ ਦੌਰਾਨ ਨੌਜਵਾਨਾਂ ਨੇ ਇਕੱਠ ਕਰਨ ਮਗਰੋਂ ਵਿਧਾਇਕ ਨੂੰ ਮੰਗ ਪੱਤਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਅਧੂਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਨਹੀਂ ਤਾਂ ਮਜਬੂਰਨ ਉਨ੍ਹਾਂ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਮੀਟਿੰਗ ਵਿਚ ਸੰਦੀਪ ਖੋਖਰ, ਗੁਰਸੇਵਕ ਸਿੰਘ, ਕਾਲਾ ਸਿੰਘ, ਬਿੰਦੀ, ਜਗਜੀਤ ਸਿੰਘ, ਰਵੀ ਰਤੀਆ, ਜੱਸੀ ਸੈਨੀ ਆਦਿ ਹਾਜ਼ਰ ਸਨ।