ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 19 ਜਨਵਰੀ
ਪਿੰਡ ਰਾਮ ਸਰਨ ਮਾਜਰਾ ਤੋਂ 50 ਨੌਜਵਾਨ ਕਿਸਾਨਾਂ ਦਾ ਦੂਜਾ ਜਥਾ ਦਿੱਲੀ ਕਿਸਾਨ ਅੰਦੋਲਨ ਵਿਚ ਜਾਣ ਲਈ ਅੱਜ ਰਵਾਨਾ ਹੋਇਆ। ਪ੍ਰਵੀਨ ਸੈਣੀ ਤੇ ਮਨੀਸ਼ ਸੈਣੀ ਦੀ ਅਗਵਾਈ ਵਿਚ ਰਵਾਨਾ ਹੋਏ ਇਸ ਜਥੇ ਵਿਚ ਪ੍ਰਦੀਪ ਕੁਮਾਰ, ਰਿਸ਼ੀ ਪਾਲ, ਸ਼ਕਤੀ ਸਿੰਘ, ਹਰਪ੍ਰੀਤ ਸਿੰਘ, ਮੋਹਿਤ ਕੁਮਾਰ, ਹੈਪੀ ਤੋਂ ਇਲਾਵਾ ਕਈ ਨੌਜਵਾਨ ਕਿਸਾਨ ਸ਼ਾਮਲ ਸਨ। ਕਿਸਾਨਾਂ ਦੇ ਇਸ ਜਥੇ ਨੇ ਰਵਾਨਾ ਹੋਣ ਤੋਂ ਪਹਿਲਾਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਥੇ ਨੂੰ ਰਵਾਨਾ ਹੋਣ ਮੌਕੇ ਪ੍ਰਵੀਨ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਦੇ ਜਥੇ ਲਗਾਤਾਰ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਬਾਬੈਨ ਵਿਚ ਕੱਢੀ ਟਰੈਕਟਰ ਰੈਲੀ ਵਿਚ ਹਲਕੇ ਦੇ ਕਿਸਾਨਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਪਰੇਡ ਵਿਚ ਹਿੱਸਾ ਲੈਣ ਲਈ ਪਿੰਡ ਦੇ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ 26 ਜਨਵਰੀ ਤੋਂ ਪਹਿਲਾਂ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਪਿੰਡ ਦੇ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਕੂਚ ਕਰਨਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਹਿੱਤ ਤੇ ਕਿਸਾਨ ਹਿੱਤ ਵਿਚ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤਾਂ ਜੋ ਕੇਂਦਰ ਤੇ ਕਿਸਾਨਾਂ ਵਿਚ ਚੱਲ ਰਿਹਾ ਟਕਰਾਅ ਖਤਮ ਹੋ ਸਕੇ।