ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਜੂਨ
ਸਥਾਨਕ ਕੀਰਤੀ ਨਗਰ ਵਿੱਚੋਂ ਯੂਪੀ ਪੁਲੀਸ ਦੀ ਇੱਕ ਟੀਮ ਨੇ ਰਾਜਿੰਦਰ ਕੁਮਾਰ ਨਾਂ ਦੇ ਇੱਕ ਨੌਜਵਾਨ ਨੂੰ ਸਮਾਜਵਾਦੀ ਪਾਰਟੀ ਦੇ ਵਿਧਾਇਕ ਮੁਹੰਮਦ ਅਲੀ ਤੇ ਉਸ ਦੇ ਪੁੱਤਰ ਪਰਵੇਜ਼ ਅਲੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਰਾਜਿੰਦਰ ਕੁਮਾਰ ਨੇ ਬੀਤੇ ਸ਼ੁੱਕਰਵਾਰ ਨੂੰ ਵਟਸਐਪ ਕਾਲ ਕਰਕੇ ਖ਼ੁਦ ਨੂੰ ਸੋਪੂ ਗਰੱਪ 007 ਦਾ ਮੈਂਬਰ ਦੱਸਦਿਆਂ ਸਪਾ ਦੇ ਵਿਧਾਇਕ ਮੁਹੰਮਦ ਅਲੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਕੁਝ ਸਮਾਂ ਬਾਅਦ ਵਿਧਾਇਕ ਦੇ ਪੁੱਤਰ ਪਰਵੇਜ਼ ਅਲੀ ਨੂੰ ਵੀ ਕਿਸੇ ਨੇ ਫੋਨ ਕੀਤਾ ਤੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ ਧਮਕੀ ਦਿੱਤੀ। ਪਰਵੇਜ਼ ਅਲੀ ਨੇ ਤੁਰੰਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਜਾਂਚ ਦੌਰਾਨ ਕਾਲ ਕਰਨ ਵਾਲੇ ਦੀ ਸ਼ਨਾਖ਼ਤ ਸਿਰਸਾ ਦੇ ਰਾਜਿੰਦਰ ਕੁਮਾਰ ਵਜੋਂ ਹੋਈ, ਜਿਸ ਮਗਰੋਂ ਯੂਪੀ ਪੁਲੀਸ ਨੇ ਸਿਰਸਾ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਮਗਰੋਂ ਉਕਤ ਨੌਜਵਾਨ ਦੀ ਗ੍ਰਿਫ਼ਤਾਰੀ ਕੀਤੀ ਗਈ। ਪੁਲੀਸ ਸੂਤਰਾਂ ਮੁਤਾਬਕ ਰਾਜਿੰਦਰ ਕੁਮਾਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ। ਘਰ ’ਚ ਇਕੱਲੀ ਉਸ ਦੀ ਮਾਂ ਰਹਿੰਦੀ ਹੈ, ਜਿਸ ਨੇ ਉਸ ਨੂੰ ਘਰੋਂ ਬੇਦਖਲ ਕੀਤਾ ਹੋਇਆ ਹੈ। ਬੀਤੇ ਦਿਨੀਂ ਸਿਰਸਾ ਦੇ ਐੱਸਪੀ ਡਾ. ਅਰਪਿਤ ਜੈਨ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਮਗਰੋਂ ਸਿਰਸਾ ਦੇ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਸ਼ੱਕੀ ਮੰਨਿਆ ਗਿਆ ਹੈ ਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਪੁਲੀਸ ਨਜ਼ਰ ਰੱਖ ਰਹੀ ਹੈ।