ਪੱਤਰ ਪ੍ਰੇਰਕ
ਰਤੀਆ, 12 ਜੂਨ
ਸ਼ਹਿਰ ਦੇ ਵਾਰਡ ਨੰ. 5 ਵਿੱਚ ਹੋਏ ਝਗੜੇ ਕਾਰਨ ਵਾਰਡ ਦਾ ਵਿੱਕੀ ਪੁੱਤਰ ਬਲਵੀਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਵਿੱਕੀ ਨੇ ਦੱਸਿਆ ਕਿ ਕੱਲ੍ਹ ਰਾਤ ਜਦੋਂ ਉਹ ਆਪਣੇ ਵਾਰਡ ਵਿਚ ਘਰ ਦੇ ਨਜ਼ਦੀਕ ਖੜ੍ਹਾ ਸੀ ਤਾਂ ਇਸੇ ਦੌਰਾਨ ਦੋ ਧਿਰਾਂ ਵਿਚ ਆਪਸੀ ਵਿਵਾਦ ਹੋ ਗਿਆ ਸੀ। ਜ਼ਖ਼ਮੀ ਨੇ ਦੱਸਿਆ ਕਿ ਵਿਵਾਦ ਤਹਿਤ ਦੋਵੇਂ ਧਿਰਾਂ ਦੇ ਲੋਕਾਂ ਵਲੋਂ ਹੱਥਾਂ ਵਿਚ ਤਲਵਾਰਾਂ, ਰਾਡ ਅਤੇ ਪਾਈਪਾਂ ਆਦਿ ਲਈਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਉਥੋਂ ਲੰਘਣ ਲੱਗਿਆ ਤਾਂ ਉਥੇ ਖੜ੍ਹੇ 3 ਨੌਜਵਾਨਾਂ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਇਸ ਘਟਨਾ ਸਬੰਧੀ ਬਿਆਨ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।