ਰਤਨ ਸਿੰਘ ਿਢੱਲੋਂ
ਅੰਬਾਲਾ, 25 ਅਗਸਤ
ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਨੇ ਅੱਜ ਦੁਪਹਿਰੇ ਟਵੀਟ ਕਰ ਕੇ ਕਿਹਾ, ‘‘ਕੰਮ ਕਰਨਾ ਮੇਰਾ ਜਨੂਨ ਹੈ। ਕੁਝ ਲੋਕਾਂ ਨੂੰ ਮੇਰਾ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਆਪਣੇ ਦਫ਼ਤਰ ਦੀਆਂ ਫਾਈਲਾਂ ਨਿਪਟਾਉਣਾ ਚੰਗਾ ਨਹੀਂ ਲੱਗਾ। ਮੈਂ ਨਹੀਂ ਚਾਹੁੰਦਾ ਕਿ ਮੇਰੀ ਬਿਮਾਰੀ ਕਰ ਕੇ ਕੋਈ ਕੰਮ ਰੁਕੇ।’’
ਸ੍ਰੀ ਵਿੱਜ ਨੇ ਕਿਹਾ ਕਿ ਫਾਈਲਾਂ ਚੱਲਦੀਆਂ ਹਨ ਤਾਂ ਸਰਕਾਰ ਚਲਦੀ ਹੈ, ਫਾਈਲਾਂ ਦੇ ਰੁਕਣ ਨਾਲ ਸਰਕਾਰ ਦੇ ਕੰਮ ’ਤੇ ਫ਼ਰਕ ਪੈਂਦਾ ਹੈ। ਦੱਸਣਯੋਗ ਹੈ ਕਿ ਕਰੋਨਾ ਤੋਂ ਬਾਅਦ ਜਦੋਂ ਉਹ 24 ਘੰਟੇ ਆਕਸੀਜਨ ਸਪੋਰਟ ’ਤੇ ਸਨ ਤਾਂ ਵੀ ਉਨ੍ਹਾਂ ਨੇ ਕਰੀਬ ਇਕ ਮਹੀਨਾ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਸਥਿਤ ਆਪਣੇ ਦਫ਼ਤਰ ’ਚ ਆਕਸੀਜਨ ਦਾ ਸਿਲੰਡਰ ਲਗਾ ਕੇ ਫਾਈਲਾਂ ਕੱਢੀਆਂ ਸਨ ਅਤੇ ਦਫ਼ਤਰ ਦੇ ਸਾਰੇ ਕੰਮ ਕੀਤੇ ਸਨ।ਉਨ੍ਹਾਂ ਕਿਹਾ, ‘‘ਕੰਮ ਕਰਨਾ ਮੇਰਾ ਜਨੂੰਨ ਹੈ। ਪੀਜੀਆਈ ਦੇ ਡਾਕਟਰ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਮੈਂ ਜਲਦੀ ਠੀਕ ਹੋ ਜਾਵਾਂਗਾ।’’ ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸ਼ਰੀਰ ਵਿਚ ਆਕਸੀਜਨ ਦੀ ਮਾਤਰਾ ਅਚਾਨਕ ਘੱਟ ਗਈ ਸੀ। ਸਾਹ ਲੈਣ ਵਿਚ ਪੇਸ਼ ਆ ਰਹੀ ਤਕਲੀਫ਼ ਕਰ ਕੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਸੀ। ਹੁਣ ਉਹ ਪਹਿਲਾਂ ਨਾਲੋਂ ਠੀਕ ਹਨ।