ਪੱਤਰ ਪ੍ਰੇਰਕ
ਯਮੁਨਾਨਗਰ, 21 ਅਪਰੈਲ
ਪਿੰਡ ਈਸ਼ੋਪੁਰ ਸਥਿਤ ਪਾਈਨ ਪਲਾਈਵੁੱਡ ਫੈਕਟਰੀ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਆਪਣੇ ਸਾਥੀ ਦੀ ਡੰਡਿਆਂ ਨਾਲ ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮਾਮਲੇ ਵਿੱਚ ਮੁਲਜ਼ਮ ਫਰਾਰ ਹੈ। ਗਾਂਧੀ ਨਗਰ ਵਾਸੀ ਰਾਜਾਰਾਮ ਨੇ ਦੱਸਿਆ ਕਿ ਪਲਾਈ ਵੁੱਡ ਫੈਕਟਰੀ ਵਿੱਚ ਬਿਹਾਰ ਦੇ ਗੋਪਾਲਗੰਜ ਦਾ ਰਹਿਣ ਵਾਲਾ 45 ਸਾਲਾ ਛੋਟੇ ਲਾਲ ਅਤੇ ਰੋਹਤਾਸ ਜ਼ਿਲ੍ਹੇ ਦਾ ਵਾਸੀ ਮਦਨ ਲਾਲ ਉਰਫ ਸੀਤਾਰਮਨ ਕੰਮ ਕਰਦੇ ਸਨ। ਦੋਹਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਠੇਕੇਦਾਰ ਨੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਪਰ ਕੁੱਝ ਸਮਾਂ ਬਾਅਦ ਹੀ ਛੋਟੇ ਲਾਲ ਦੀਆਂ ਚੀਖਾਂ ਦੀ ਆਵਾਜ਼ ਆਈਆਂ ਤਾਂ ਉਸ ਨੇ ਜਾ ਕੇ ਵੇਖਿਆ ਕਿ ਛੋਟੇ ਲਾਲ ਦੇ ਮੂੰਹ, ਮੱਥੇ, ਨੱਕ ਅਤੇ ਅੱਖਾਂ ਵਿੱਚੋਂ ਖੂਨ ਨਿਕਲ ਰਿਹਾ ਹੈ। ਫੈਕਟਰੀ ਮਾਲਕ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੇ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮਦਨ ਲਾਲ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ।