ਗੁਰਦੀਪ ਸਿੰਘ ਭੱਟੀ
ਟੋਹਾਣਾ, 19 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਕੂਚ ਕਰਨ ਤੋਂ ਪਹਿਲਾਂ ਭੂਨਾ ਬਲਾਕ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਰੋਸ ਮਾਰਚ ਕਰਨ ਦੀ ਰਿਹਰਸਲ ਕੀਤੀ। ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਦੁਪਹਿਰ ਬਾਅਦ ਸ਼ਾਸਤਰੀ ਮੰਡੀ ਭੂਨਾ ਵਿੱਚ ਟਰੈਕਟਰ ਜਮ੍ਹਾ ਹੋਏ ਤੇ ਅਨਾਜ ਮੰਡੀ ਦੇ ਵਪਾਰੀਆਂ ਵੱਲੋਂ ਭਰਵੀਂ ਸਹਾਇਤਾ ਕੀਤੀ ਗਈ। ਰੋਸ ਮਾਰਚ ਵਿੱਚ ਆੜ੍ਹਤੀਆਂ ਨੇ ਟਰੈਕਟਰਾਂ ’ਤੇ ਸਵਾਰ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਟਰੈਕਟਰਾਂ ਦੀ ਦੋ ਕਿਲੋਮੀਟਰ ਤੋਂ ਵੱਧ ਲੰਬੀ ਲਾਈਨ ਵੇਖੀ ਗਈ। ਢਾਣੀ ਸਾਂਚਲਾ ਦੀਆਂ ਔਰਤਾਂ ਟਰੈਕਟਰ ਚਲਾ ਕੇ ਸ਼ਾਮਲ ਹੋਈਆਂ। ਢਾਣੀ ਸਾਂਚਲਾ ਦੀ ਮੁਕੇਸ਼ ਦੇਵੀ ਤੇ ਨਵੀਂ ਵਿਆਹੀ ਮੁਕੇਸ਼ ਟਰੈਕਟਰਾਂ ਦਾ ਕਾਫਲਾ ਲੈਕੇ ਰੋਸ ਵਿਖਾਵੇ ਵਿੱਚ ਪੁੱਜੀਆਂ। ਮਹਿਲਾ ਸੁਦੇਸ਼ ਨੇ ਕਿਸਾਨਾਂ, ਵਪਾਰੀਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਅਗਵਾਈ ਦੀ ਪੇਸ਼ਕਸ਼ ਕੀਤੀ ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਔਰਤਾਂ ਅੰਦੋਲਨ ਦੀ ਅਗਵਾਈ ਕਰ ਕੇ ਸਫ਼ਲ ਬਣਾਉਣਗੀਆਂ। ਉਥੇ ਹੀ ਟਰੈਕਟਰ ਕਾਫ਼ਲੇ ਵਿੱਚ ਜੇਸੀਬੀ ਮਸ਼ੀਨਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਨੌਜਵਾਨ ਤਿਰੰਗੇ ਲੈਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਗੁਰਦੁਆਰਾ ਸਿੰਘ ਸਭਾ ਭੂਨਾ ਦੇ ਪ੍ਰਧਾਨ ਹਰਜੀਤ ਸਿੰਘ ਤੇ ਮੈਂਬਰਾਂ ਨੇ ਟਰੈਕਟਰ ਕਾਫ਼ਲੇ ਦੀ ਅਗਵਾਈ ਕੀਤੀ। ਉਨ੍ਹਾਂ ਦੇ ਨਾਲ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੈਰੋਂ ਤੇ ਕਿਸਾਨ ਆਗੂ ਖਾਂਦੀਰਾਮ ਕੜਵਾਸਰਾ, ਬਿਸ਼ਨੋਈ ਸਭਾ ਦੇ ਪ੍ਰਧਾਨ ਪ੍ਰਵੀਣ ਕੁਮਾਰ ਧਾਰਨੀਆਂ ਨੇ ਅਗਵਾਈ ਕੀਤੀ ਤੇ ਬਿਸ਼ਨੋਈ ਸਭਾ ਭੂਨਾ ਨੇ ਰੋਸ ਮਾਰਚ ਵਿੱਚ ਸ਼ਾਮਲ ਟਰੈਕਟਰ ਚਾਲਕਾਂ ਤੇ ਵਪਾਰੀਆਂ ਨੂੰ ਲੱਡੂ ਵੰਡੇ।
ਰਤੀਆ (ਕੇਕੇ ਬਾਂਸਲ): ਖੇਤੀ ਬਚਾਓ ਸੰਘਰਸ਼ ਸਮਿਤੀ ਹਰਿਆਣਾ ਦੇ ਸੱਦੇ ’ਤੇ ਅੱਜ ਰਤੀਆ ਤੋਂ ਫਤਿਹਾਬਾਦ ਤੱਕ ਰਿਹਰਸਲ ਰੂਪੀ ਟਰੈਕਟਰ ਮਾਰਚ ਕੱਢਿਆ ਗਿਆ। ਟਰੈਕਟਰ ਮਾਰਚ ਦੀ ਰਵਾਨਗੀ ਮੌਕੇ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਖੋਖਰ, ਰਾਜਵਿੰਦਰ ਸਿੰਘ ਚਹਿਲ, ਇਕਬਾਲ ਸਿੰਘ ਖੋਖਰ, ਤਜਿੰਦਰ ਸਿੰਘ ਔਜਲਾ, ਜਸਪਾਲ ਸਿੰਘ, ਗੁਰਨਾਮ ਸਿੰਘ ਧਾਲੀਵਾਲ ਅਤੇ ਕੁਲਦੀਪ ਸਿੰਘ ਬਰਾੜ ਵੀ ਹਾਜ਼ਰ ਸਨ। ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਭਜਨ ਸਿੰਘ ਅਤੇ ਮਲੂਕ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਬਿੱਲ ਵਾਪਸ ਲੈ ਕੇ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਮਹਿਲਾ ਦਿਵਸ ਕਿਸਾਨ ਘੋਲ ਨੂੰ ਸਮਰਪਿਤ ਕਰ ਕੇ ਮਨਾਇਆ ਜਾਵੇਗਾ ਅਤੇ 24 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਟਰੈਕਟਰਾਂ ਨਾਲ ਦਿੱਲੀ ਵੱਲ ਰਵਾਨਗੀ ਹੋਵੇਗੀ। ਇਨੈਲੋ ਕਿਸਾਨ ਸੈੱਲ ਦੇ ਸੂਬਾ ਉਪ ਪ੍ਰਧਾਨ ਭਗਵਾਨਪਾਲ ਸਿੰਘ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਕਿਸਾਨਾਂ ਵਲੋਂ 2 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ’ਤੇ ਵੀ ਉਹ ਠੰਢ ਵਿੱਚ ਆਪਣਾ ਸ਼ਾਂਤਮਈ ਅੰਦੋਲਨ ਜਾਰੀ ਰੱਖੇ ਹੋਏ ਹਨ।
ਜੀਂਦ ਵਿੱਚ ਔਰਤਾਂ ਵੱਲੋਂ ਰੋਸ ਸਭਾ
ਜੀਂਦ (ਮਹਾਵੀਰ ਮਿੱਤਲ): ਖੇਤੀ ਕਾਨੂੰਨਾਂ ਵਿਰੁੱਧ ਮਹਿਲਾ ਕਿਸਾਨ ਦਿਵਸ ਦੇ ਤਹਿਤ ਮਹਿਲਾਵਾਂ ਸੜਕਾਂ ’ਤੇ ਉਤਰੀਆਂ। ਮਹਿਲਾਵਾਂ ਨੇ ਪਹਿਲਾਂ ਇੱਥੇ ਨਹਿਰੂ ਪਾਰਕ ਵਿੱਚ ਰੋਸ ਸਭਾ ਕੀਤੀ ਤੇ ਇਸ ਤੋਂ ਮਗਰੋਂ ਇਨ੍ਹਾਂ ਨੇ ਨਹਿਰੂ ਪਾਰਕ ਤੋਂ ਲਘੁ- ਸਕੱਤਰੇਤ ਤੱਕ ਵਿਖਾਵਾ ਕੀਤਾ। ਇਸ ਰੋਸ ਸਭਾ ਨੂੰ ਸੰਬੋਧਿਤ ਕਰਦੇ ਹੋਏ ਜਨਵਾਦੀ ਮਹਿਲਾ ਸਮਿਤੀ ਦੀ ਸੂਬਾ ਜਨਰਲ ਸਕੱਤਰ ਸਵਿਤਾ ਨੇ ਕਿਹਾ ਕਿ ਮਹਿਲਾਵਾਂ ਸਾਡੇ ਦੇਸ਼ ਦੀ ਖੇਤੀ ਪ੍ਰਬੰਧ ਦੀ ਰੀੜ ਦੀ ਹੱਡੀ ਹਨ। ਦੁਨੀਆ ਦਾ ਪਹਿਲਾ ਕਿਸਾਨ ਮਹਿਲਾ ਨੂੰ ਮੰਨਿਆ ਜਾਂਦਾ ਹੈ। ਅੱਜ ਸਾਰੇ ਦੇਸ਼ ਵਿੱਚ ਮਹਿਲਾਵਾਂ ਅੰਦੋਲਨਾਂ ਦੀ ਅਗਵਾਈ ਕਰ ਰਹੀਆਂ ਹਨ ਅਤੇ 26 ਜਨਵਰੀ ਨੂੰ ਵੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰਨਗੀਆਂ।