ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਨਵੰਬਰ
ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਊਤਮ ਸਿੰਘ ਰਾਮਾਨੰਦੀ ਤੇ ਤਰਨ ਤਾਰਨ ਤੋਂ ਦੇਸਾ ਸਿੰਘ ਘਰਿਆਲਾ ਨੇ ਕਿਹਾ ਕਿ ਕਿਸਾਨ ਪੂਰੇ ਹੌਸਲੇ ਤੇ ਦ੍ਰਿੜਤਾ ਨਾਲ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾ ’ਤੇ ਡਟੇ ਹੋਏ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਆਪਣਾ ਤੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਵੱਡੀ ਗਿਣਤੀ ’ਚ ਬੀਬੀਆਂ ਮੈਦਾਨ ਵਿੱਚ ਨਿੱਤਰੀਆਂ ਹੋਈਆਂ ਹਨ। ਜਦੋਂ ਸੰਘਰਸ਼ ਕਰਨ ਵਾਲੇ ਲੋਕ ਆਪਣੀ ਸੁਖਾਲੀ ਜ਼ਿੰਦਗੀ ਜਿਉਣ ਦੇ ਅਰਥਾਂ ਨੂੰ ਸਮਝ ਜਾਣ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਹਰਾ ਨਹੀਂ ਸਕਦੀ। ਹਰਿਆਣਾ ਤੋਂ ਆਤਮਾ ਰਾਮ ਝੋਰੜ ਨੇ ਕਿਹਾ ਕਿ 1 ਨਵੰਬਰ 1966 ਵਿੱਚ ਪੰਜਾਬ ਨੂੰ ਤੋੜ ਕੇ ਹਰਿਆਣਾ ਰਾਜ ਸਥਾਪਤ ਕੀਤਾ ਗਿਆ ਸੀ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਹਰਿਆਣਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ ਪਰ ਮੌਜੂਦਾ ਚੱਲ ਰਹੇ ਕਿਸਾਨੀ ਸੰਘਰਸ਼ ਨੇ ਦੁਬਾਰਾ ਤੋਂ ਫਿਰ ਹਰਿਆਣਾ ਤੇ ਪੰਜਾਬ ਨੂੰ ਇੱਕ ਕਰ ਦਿੱਤਾ ਹੈ। ਹਰਿਆਣਾ ਦੇ ਲੋਕਾਂ ਵਾਸਤੇ ਕਿਸਾਨੀ ਸੰਘਰਸ਼ ’ਚ ਕੁੱਦੇ ਲੋਕਾਂ ਨੂੰ ਬਹੁਤ ਕੁਝ ਸਿੱਖਣ ਲਈ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਤੋਂ ਮਹਿਲ ਕਲਾਂ ਬਲਾਕ ਦੇ ਆਗੂ ਨਾਹਰ ਸਿੰਘ ਗੁੰਮਟੀ ਤੇ ਮੋਗਾ ਜ਼ਿਲ੍ਹੇ ਤੋਂ ਮੰਦਰ ਸਿੰਘ ਡੇਮਰੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦਾ ਦਮ ਪਰਖ ਰਹੀ ਹੈ ਪਰ ਸਰਕਾਰ ਜਿੰਨੇ ਮਰਜ਼ੀ ਪੱਤੇ ਖੇਡੇ ਕਿਸਾਨ ਖਾਲੀ ਹੱਥ ਘਰਾਂ ਨੂੰ ਵਾਪਸ ਨਹੀਂ ਜਾਣਗੇ।