ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ’ਤੇ ਗ਼ਦਰੀ ਗੁਲਾਬ ਕੌਰ ਨਗਰ ਵਿਚ ਸਟੇਜ ਦੀ ਕਾਰਵਾਈ ਅੱਜ ਬੀਬੀਆਂ ਵੱਲੋਂ ਚਲਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਔਰਤਾਂ ਦੇ ਸੰਘਰਸ਼ਾਂ ਵਿਚ ਆਉਣ ’ਤੇ ਲੋਕ ਘੋਲਾਂ ਨੂੰ ਬਲ ਮਿਲਦਾ ਹੈ। ਪਿਛਲੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਫ਼ਰੀਦਕੋਟ ਦੇ ਵਿੱਚ ਸ਼ਰੂਤੀ ਨੂੰ ਅਗਵਾ ਕਰਨ ਵਾਲਾ ਗੁੰਡਾ ਨਿਸ਼ਾਨ ਸਿੰਘ ਹੋਵੇ, ਭਾਵੇਂ ਮੁਕਤਸਰ ਜ਼ਿਲ੍ਹੇ ਦੇ ਗੰਧੜ ਪਿੰਡ ਵਿਚ ਇਕ ਗਰੀਬ ਮਜ਼ਦੂਰ ਪਰਿਵਾਰ ਦੀ ਨੌਵੀਂ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਨਾਲ ਪਿੰਡ ਦੇ ਧਨਾਢ ਚੌਧਰੀਆਂ ਦੇ ਕਾਕਿਆਂ ਵੱਲੋਂ ਦਿਨ ਦਿਹਾੜੇ ਅਗਵਾ ਕਰ ਕੇ ਬਲਾਤਕਾਰ ਦੀ ਘਟਨਾ ਹੋਵੇ, ਇਨ੍ਹਾਂ ਦੋਵਾਂ ਘਟਨਾਵਾਂ ਦੇ ਵਿੱਚ ਔਰਤ ਸ਼ਕਤੀ ਦਾ ਬਹੁਤ ਵੱਡਾ ਰੋਲ ਰਿਹਾ ਹੈ। ਫ਼ਰੀਦਕੋਟ ਦੇ ਵਿੱਚ ਔਰਤਾਂ ਵੱਲੋਂ ਵੱਡਾ ਇਕੱਠ ਕਰ ਕੇ ਬਾਦਲਾਂ ਦੇ ਪਾਲੇ ਹੋਏ ਨਿਸ਼ਾਨ ਨੂੰ ਗੋਡਣੀਆਂ ਕੀਤਾ ਗਿਆ ਤੇ ਲੋਕ ਸ਼ਕਤੀ ਦੇ ਨਾਲ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਬੰਦ ਕਰਾਇਆ ਗਿਆ।
ਪਰਮਜੀਤ ਕੌਰ ਪਿੱਥੋ ਨੇ ਕਿਹਾ ਪਹਿਲਾਂ ਕਿਸਾਨਾਂ ਨੂੰ ਵਿਹਲੜ ਅਤੇ ਨਿਕੰਮੇ ਕਹਿ ਕੇ ਕਿਸਾਨ ਘੋਲਾਂ ਨੂੰ ਬਦਨਾਮ ਕੀਤਾ ਜਾਂਦਾ ਸੀ ਪਰ ਜਦੋਂ ਤੋਂ ਔਰਤਾਂ ਸੰਘਰਸ਼ ਦੇ ਮੈਦਾਨਾਂ ਵਿਚ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਡਟ ਕੇ ਖੜ੍ਹੀਆਂ ਹਨ ਤਾਂ ਲੁਟੇਰੇ ਨੂੰ ਸੋਚਣ ਲਈ ਮਜਬੂਰ ਕੀਤਾ ਹੈ।
ਇਸ ਦੌਰਾਨ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਔਰਤਾਂ ਜਦੋਂ ਆਪਣੀ ਪੂਰੀ ਸਮਰੱਥਾ ਨਾਲ ਲੜਦੀਆਂ ਹਨ ਤਾਂ ਹਰ ਸੰਘਰਸ਼ ਨੂੰ ਜਿੱਤ ਵਿੱਚ ਬਦਲ ਦਿੰਦੀਆਂ ਹਨ। ਇਸ ਦੌਰਾਨ ਪਰਮਜੀਤ ਕੌਰ ਕੌਟੜਾ ਕਿਰਨਪਾਲ ਕੌਰ ਭੈਣੀ, ਜਸਬੀਰ ਕੌਰ ਪਿੱਥੋ, ਬਲਜੀਤ ਕੌਰ ਸੰਧੂ ਕਲਾਂ ਤੇ ਜੋਤੀ ਕੌਰ ਮਾਨਸਾ ਨੇ ਵੀ ਸੰਬੋਧਨ ਕੀਤਾ।