ਸਤਪਾਲ ਰਾਮਗੜ੍ਹੀਆ
ਪਿਹੋਵਾ, 3 ਮਾਰਚ
ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਇੱਥੋਂ ਦੀ ਵਿਦਿਆਰਥਣ ਸਾਕਸ਼ੀ ਸਿੰਗਲਾ ਆਪਣੇ ਘਰ ਪਰਤ ਆਈ, ਜਿਸ ’ਤੇ ਉਸ ਦੇ ਮਾਪੇ ਖੁਸ਼ ਹਨ। ਸਾਕਸ਼ੀ ਨੇ ਦੱਸਿਆ ਕਿ ਸੱਤ ਦਿਨ ਪ੍ਰੇਸ਼ਾਨੀ ਝੱਲਣ ਮਗਰੋਂ ਉਸ ਨੂੰ ਘਰ ਦਾ ਦਰਵਾਜ਼ਾ ਦੇਖਣਾ ਨਸੀਬ ਹੋਇਆ। ਉਸ ਨੇ ਦੱਸਿਆ ਕਿ ਪਹਿਲਾਂ ਸਾਥੀਆਂ ਨਾਲ ਮਿਲ ਕੇ ਉਨ੍ਹਾਂ 24 ਫਰਵਰੀ ਨੂੰ ਯੂਕਰੇਨ ਛੱਡਣ ਦੀ ਕੋਸ਼ਿਸ਼ ਕੀਤੀ ਪਰ ਰੂਸ ਵੱਲੋਂ ਹਮਲਾ ਕਰਨ ’ਤੇ ਉਹ ਉੱਥੋਂ ਦੇ ਇੱਕ ਹੋਟਲ ’ਚ ਰੁਕ ਗਏ, ਜਿੱਥੇ ਉਨ੍ਹਾਂ ਪੰਜ ਦਿਨ ਕੱਢੇ। ਉਸ ਨੇ ਦੱਸਿਆ ਕਿ ਦੂਤਾਵਾਸ ਨਾਲ ਸੰਪਰਕ ਕਰਨ ’ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੇ ਹੀ ਰੁਕੇ ਰਹਿਣ ਦੀ ਸਲਾਹ ਦਿੱਤੀ। ਇਸ ਮਗਰੋਂ ਖ਼ੁਦ ਜਾਨ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਕਰੀਬ 50 ਵਿਦਿਆਥਰੀਆਂ ਨੇ ਮਿਲ ਕੇ ਇੱਕ ਬੱਸ ਕਿਰਾਏ ’ਤੇ ਕੀਤੀ ਅਤੇ ਰੋਮਾਨੀਆ ਦੀ ਸਰਹੱਦ ਵੱਲ ਰਵਾਨਾ ਹੋਏ। ਕਰੀਬ 25 ਘੰਟਿਆਂ ਦੇ ਸਫ਼ਰ ਮਗਰੋਂ ਉਹ ਰੋਮਾਨੀਆ ਦੀ ਸਰਹੱਦ ਨੇੜੇ ਪਹੁੰਚ ਗਏ, ਜਿੱਥੋਂ ਉਹ ਕਰੀਬ 12 ਕਿਲੋਮੀਟਰ ਤੱਕ ਪੈਦਲ ਚੱਲੇ। ਉਸ ਨੇ ਦੱਸਿਆ ਕਿ ਬੈਠਣ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਬਰਫ਼ਬਾਰੀ ਕਾਰਨ ਕੜਾਕੇ ਦੀ ਠੰਢ ਵਿੱਚ 12 ਘੰਟੇ ਖੜ੍ਹੇ ਹੋ ਕੇ ਗੁਜ਼ਾਰਨੇ ਪਏ। ਇਸ ਮਗਰੋਂ ਸਰਹੱਦ ਪਾਰ ਕਰਨ ’ਤੇ ਅੰਬੈਸੀ ਨੇ ਉਨ੍ਹਾਂ ਦੀ ਮਦਦ ਕੀਤੀ। ਵਿਦਿਆਰਥਣ ਨੇ ਦੱਸਿਆ ਕਿ ਅੰਬੈਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਮਾਨੀਆ ਦੀ ਸਰਹੱਦ ਤੋਂ ਹਵਾਈ ਅੱਡੇ ਤੱਕ ਬੱਸਾਂ ਮੁਹੱਈਆ ਕਰਵਾਈਆਂ, ਜਿੱਥੋਂ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਮੁੰਬਈ ਲਈ ਫਲਾਈਟ ਵਿੱਚ ਬਿਠਾ ਦਿੱਤਾ ਗਿਆ।
ਸਾਕਸ਼ੀ ਨੇ ਦੱਸਿਆ ਕਿ ਯੂਕਰੇਨ ਵਿੱਚ ਖਾਣ-ਪੀਣ ਦੇ ਸਾਮਾਨ ਦੀ ਘਾਟ ਹੈ, ਸਾਰੀਆਂ ਦੁਕਾਨਾਂ ਬੰਦ ਹਨ ਪਰ ਨੇੜਲੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।
ਉਸ ਨੇ ਦੱਸਿਆ ਕਿ ਯੂਕਰੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਹੋਸਟਲਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉਥੇ ਤਿਰੰਗਾ ਲੱਗੇ ਵਾਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਤਿਰੰਗੇ ਝੰਡੇ ਵਾਲੇ ਵਾਹਨ ਵਿੱਚ ਬੈਠੇ ਯਾਤਰੀਆਂ ਦੇ ਪਾਸਪੋਰਟ ਚੈੱਕ ਕਰਨ ਮਗਰੋਂ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਰੂਸੀ ਫ਼ੌਜ ਵੀ ਤਿਰੰਗੇ ਵਾਲੇ ਵਾਹਨਾਂ ਨੂੰ ਨਹੀਂ ਰੋਕ ਰਹੀ ਹੈ।