ਨਿੱਜੀ ਪੱਤਰ ਪ੍ਰੇਰਕ
ਸਿਰਸਾ, 24 ਅਪਰੈਲ
ਇੱਥੇ ਏਟੀਐਮ ਕਾਰਡ ਬਦਲ ਕੇ ਇਕ ਜਣੇ ਦੇ ਖਾਤੇ ’ਚੋਂ 66 ਹਜ਼ਾਰ 999 ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਪੈਸੇ ਕਢਵਾਉਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿਟੀ ਥਾਣੇ ਵਿਚ ਦਰਜ ਕਰਵਾਈ ਸ਼ਿਕਾਇਤ ਵਿੱਚ ਮੇਲਾ ਗਰਾਊਂਡ ਵਾਸੀ ਧਰਮਪਾਲ ਨੇ ਦੱਸਿਆ ਕਿ ਉਹ ਮਾਲੀ ਦੇ ਆਹੁਦੇ ਤੋਂ ਸੇਵਾਮੁਕਤ ਹੋਇਆ ਹੈ। ਬੀਤੇ ਦਿਨੀਂ ਉਹ ਏਟੀਐਮ ਵਿੱਚੋਂ ਰੁਪਏ ਕਢਵਾਉਣ ਲਈ ਗਿਆ ਸੀ। ਉਹ ਜਦੋਂ ਏਟੀਐਮ ਵਿੱਚੋਂ ਪੈਸੇ ਕਢਵਾ ਰਿਹਾ ਸੀ ਤਾਂ ਦੋ ਨੌਜਵਾਨ ਏਟੀਐਮ ਬੂਥ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਏਟੀਐਮ ਮਸ਼ੀਨ ਵਿੱਚੋਂ ਕਾਰਡ ਕੱਢ ਕੇ ਦੇ ਦਿੱਤਾ। ਉਹ ਜਦੋਂ ਆਪਣੇ ਘਰ ਆਇਆ ਤਾਂ ਉਸ ਦੇ ਫੋਨ ’ਤੇ ਦਸ ਹਜ਼ਾਰ ਰੁਪਏ ਕਢਵਾਏ ਜਾਣ ਦਾ ਮੈਸਿਜ ਆਇਆ। ਕੁਝ ਦੇਰ ਮਗਰੋਂ ਫਿਰ 30 ਹਜ਼ਾਰ ਤੇ ਫਿਰ 26,999 ਰੁਪਏ ਕਢਵਾਉਣ ਦਾ ਮੈਸਿਜ ਆਇਆ। ਉਹ ਆਪਣਾ ਏਟੀਐਮ ਕਾਰਡ ਲੈ ਕੇ ਬੈਂਕ ਗਿਆ ਤਾਂ ਪਤਾ ਲੱਗਾ ਕੇ ਕਾਰਡ ਉਸ ਦਾ ਨਹੀਂ ਹੈ। ਪੀੜਤ ਨੇ ਦੱਸਿਆ ਕਿ ਏਟੀਐਮ ’ਚ ਖੜ੍ਹੇ ਮੁੰਡਿਆਂ ਨੇ ਹੁਸ਼ਿਆਰੀ ਨਾਲ ਉਸ ਦਾ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ ਇਹ ਰਕਮ ਕਢਵਾਈ ਹੈ।
ਸਿਟੀ ਥਾਣਾ ਪੁਲੀਸ ਨੇ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।