ਪੱਤਰ ਪ੍ਰੇਰਕ
ਕਾਲਾਂਵਾਲੀ, 3 ਮਈ
ਖੇਤਰ ਦੇ ਕਸਬਾ ਔਢਾਂ ਵਿੱਚ ਅਣਪਛਾਤੇ ਵਿਅਕਤੀ ਨੇ ਏਟੀਐਮ ਕਾਰਡ ਬਦਲ ਕੇ ਬੈਂਕ ਖਾਤੇ ਵਿੱਚੋਂ ਇੱਕ ਲੱਖ 73 ਹਜ਼ਾਰ 872 ਰੁਪਏ ਕੱਢ ਲਏ। ਇਸ ਸਬੰਧੀ ਔਢਾਂ ਵਾਸੀ ਹਰਜੋਤ ਸਿੰਘ ਨੇ ਥਾਣਾ ਔਢਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਹਰਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਂ ਰਸਪ੍ਰੀਤ ਕੌਰ ਦਾ ਐਚਡੀਐਫਸੀ ਬੈਂਕ ਔਢਾਂ ਵਿੱਚ ਸਾਂਝਾ ਬੈਂਕ ਖਾਤਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਦਸ ਵਜੇ ਉਹ ਔਢਾਂ ਬੈਂਕ ਵਿੱਚੋਂ ਏਟੀਐਮ ਵਿੱਚੋਂ ਰੁਪਏ ਕਢਵਾਉਣ ਲਈ ਗਿਆ ਸੀ। ਜਦੋਂ ਉਸ ਨੇ ਡੈਬਿਟ ਕਾਰਡ ਏਟੀਐਮ ਵਿੱਚ ਪਾਇਆ ਤਾਂ ਮਸ਼ੀਨ ਵਿੱਚੋਂ ਰੁਪਏ ਨਹੀਂ ਨਿਕਲੇ। ਇਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਏਟੀਐਮ ਮਸ਼ੀਨ ਕੋਲ ਆ ਗਿਆ। ਹਰਜੋਤ ਨੇ ਦੱਸਿਆ ਕਿ ਜਦੋਂ ਉਹ ਮਸ਼ੀਨ ਵੱਲੋਂ ਕੱਢੀ ਗਈ ਰਸੀਦ ਨੂੰ ਦੇਖਣ ਲੱਗਾ ਤਾਂ ਉਸ ਦੇ ਕੋਲ ਖੜ੍ਹੇ ਵਿਅਕਤੀ ਨੇ ਉਸ ਦਾ ਡੈਬਿਟ ਕਾਰਡ ਬਦਲ ਲਿਆ। ਇਸ ਦੌਰਾਨ ਉਸ ਨੂੰ ਮੌਕੇ ਉੱਤੇ ਕੁਝ ਵੀ ਪਤਾ ਨਾ ਲੱਗਾ। ਉਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਆ ਗਿਆ ਤਾਂ ਘਰ ਆਉਣ ਦੇ ਕੁਝ ਸਮਾਂ ਬਾਅਦ ਉਸ ਦੇ ਮਾਤਾ-ਪਿਤਾ ਦੇ ਬੈਂਕ ਖਾਤੇ ਵਿੱਚੋਂ ਇੱਕ ਲੱਖ 73 ਹਜ਼ਾਰ 832 ਰੁਪਏ ਨਿਕਲ ਗਏ। ਉਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਧੋਖਾਧੜੀ ਨਾਲ ਉਸ ਦਾ ਕਾਰਡ ਬਦਲ ਕੇ ਉਸ ਦੇ ਬੈਂਕ ਖਾਤੇ ਵਿੱਚੋਂ ਰੁਪਏ ਕੱਢ ਲਏ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।