ਸਰਬਜੋਤ ਸਿੰਘ ਦੁੱਗਲ/ਪੀਟੀਆਈ
ਕੁਰੂਕਸ਼ੇਤਰ, 29 ਮਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਕੌਮੀ ਰਾਜਧਾਨੀ ਵਾਂਗ ਹਰਿਆਣਾ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਸਥਿਤੀ ਵਿੱਚ ਵੀ ਸੁਧਾਰ ਲਿਆਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਇੱਥੇ ਕੁਰੂਕਸ਼ੇਤਰ ਵਿੱਚ ਪਾਰਟੀ ਦੀ ਪਹਿਲੀ ਸੂਬਾ ਪੱਧਰੀ ਰੈਲੀ ‘ਹੁਣ ਬਦਲੇਗਾ ਹਰਿਆਣਾ’ ਨੂੰ ਸੰਬੋਧਨ ਕਰਦਿਆਂ ਅਗਲੇ ਮਹੀਨੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਲੋਕਾਂ ਤੋਂ ਸਮਰਥਨ ਮੰਗਿਆ। ਸੂਬੇ ਦੀਆਂ 28 ਨਗਰ ਕਮੇਟੀਆਂ ਅਤੇ 18 ਨਗਰ ਕੌਂਸਲਾਂ ਲਈ 19 ਜੂਨ ਨੂੰ ਵੋਟਾਂ ਪੈਣਗੀਆਂ।
ਕੇਜਰੀਵਾਲ ਨੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸੂਬੇ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਜੋ ਲੋਕ ਆਪਣੇ ਬੱਚਿਆਂ ਨੂੰ ਇੰਜਨੀਅਰ, ਡਾਕਟਰ ਅਤੇ ਵਕੀਲ ਬਣਾਉਣਾ ਚਾਹੁੰਦੇ ਹਨ, ਉਹ ਸਾਡੇ ਨਾਲ ਆਉਣ ਅਤੇ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਗੁੰਡੇ, ਦੰਗਾਕਾਰੀ ਅਤੇ ਬਲਾਤਕਾਰੀ ਬਣਨ, ਉਹ ਉਨ੍ਹਾਂ (ਭਾਜਪਾ) ਨਾਲ ਚੱਲਣ।’’ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਦੇ ਦਾਅਵਿਆਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਸਕੂਲਾਂ ਦੀ ਹਾਲਤ ਪਹਿਲਾਂ ਹਰਿਆਣਾ ਦੇ ਸਕੂਲਾਂ ਜਿੰਨੀ ਹੀ ਮਾੜੀ ਸੀ, ਉੱਥੇ ਸਿਰਫ਼ ਗਰੀਬਾਂ ਦੇ ਬੱਚੇ ਹੀ ਪੜ੍ਹਦੇ ਸਨ। ਕੇਜਰੀਵਾਲ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੀ ਦਿੱਲੀ ਦੇ ਇੱਕ ਸਰਕਾਰੀ ਸਕੂਲ ਦੀ ਫੇਰੀ ਦਾ ਹਵਾਲਾ ਦਿੰਦਿਆਂ ਕਿਹਾ, ‘‘ਹੁਣ ਅਮੀਰ ਲੋਕ ਵੀ ਆਪਣੇ ਬੱਚਿਆਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਭੇਜ ਰਹੇ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਮਗਰੋਂ ਹੁਣ ਗਰੀਬਾਂ ਦੇ ਬੱਚੇ ਡਾਕਟਰ, ਇੰਜਨੀਅਰ ਅਤੇ ਵਕੀਲ ਬਣ ਰਹੇ ਹਨ।
ਕੇਜਰੀਵਾਲ ਨੇ ਹਰਿਆਣਵੀ ਭਾਸ਼ਾ ਵਿੱਚ ਗੱਲ ਕਰਦਿਆਂ ਕਿਹਾ, “ਜਦੋਂ ਲੋਕ ਮੈਨੂੰ ‘ਹਰਿਆਣਾ ਦਾ ਲਾਲ’ ਕਹਿੰਦੇ ਹਨ ਤਾਂ ਮੈਨੂੰ ਚੰਗਾ ਲੱਗਦਾ ਹੈ। ਹਰਿਆਣਾ ਮੇਰੀ ਜਨਮ ਭੂਮੀ ਹੈ।” ਸਰਕਾਰੀ ਨੌਕਰੀਆਂ ਸਬੰਧੀ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਤੇ ਖੱਟਰ ਸਰਕਾਰ ਨੂੰ ਘੇਰਦਿਆਂ ਕੇਜਰੀਵਾਲ ਨੇ ਕਿਹਾ, ‘‘ਖੱਟਰ ਸਾਬ੍ਹ, ਤੁਸੀਂ ਤਾਂ ਪ੍ਰੀਖਿਆਵਾਂ ਵੀ ਸਹੀ ਢੰਗ ਨਾਲ ਨਹੀਂ ਕਰਵਾ ਸਕਦੇ, ਸਰਕਾਰ ਕਿਵੇਂ ਚਲਾਓਗੇ?’’ ਉਨ੍ਹਾਂ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਫੌਜ ਦੀ ਭਰਤੀ ਖੋਲ੍ਹਣ ਦੀ ਅਪੀਲ ਕੀਤੀ, ਜੋ ਕਿ 2020 ਤੋਂ ਬਾਅਦ ਨਹੀਂ ਕੀਤੀ ਗਈ ਹੈ।